ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪੰਜਾਬ 'ਚ ਸ੍ਰੀ ਹਜ਼ੂਰ ਸਾਹਿਬ, ਨਾਂਦੇੜ (ਮਹਾਰਾਸ਼ਟਰ) ਤੋਂ ਪਰਤੇ 122 ਸ਼ਰਧਾਲੂਆਂ ਦੇ ਇਕ ਦਿਨ 'ਚ ਹੀ ਪਾਜ਼ੇਟਿਵ ਆਉਣ ਨਾਲ ਕੋਰੋਨਾ ਵਿਸਫੋਟ ਹੋ ਗਿਆ ਹੈ। ਇਨ੍ਹਾਂ 'ਚ 58 ਅੰਮ੍ਰਿਤਸਰ ਤਾਂ 38 ਸ਼ਰਧਾਲੂ ਲੁਧਿਆਣਾ ਤੋਂ ਹਨ। ਹੁਣ ਤਕ ਇਕ ਦਿਨ 'ਚ ਸਭ ਤੋਂ ਜ਼ਿਆਦਾ ਵੀਰਵਾਰ ਨੂੰ 148 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸੂਬੇ 'ਚ ਬੁੱਧਵਾਰ ਨੂੰ 54 ਕੇਸ ਸਾਹਮਣੇ ਆਏ ਸਨ। ਇਸ ਤਰ੍ਹਾਂ ਦੋ ਦਿਨਾਂ 'ਚ 202 ਕੇਸ ਆ ਗਏ ਹਨ। ਹੁਣ 180 ਸ਼ਰਧਾਲੂ ਪਾਜ਼ੇਟਿਵ ਆ ਚੁੱਕੇ ਹਨ। ਸੂਬੇ 'ਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 547 ਤਕ ਪਹੁੰਚ ਗਿਆ ਹੈ ਜਿਸ ਨਾਲ ਸਰਕਾਰ ਦੀ ਚਿੰਤਾ ਵੱਧਦੀ ਜਾ ਰਹੀ ਹੈ। ਸੂਬੇ 'ਚ 54 ਦਿਨਾਂ 'ਚ 345 ਪਾਜ਼ੇਟਿਵ ਕੇਸ ਸਾਹਮਣੇ ਆਏ ਸਨ। ਲੁਧਿਆਣਾ ਤੋਂ ਵੀਰਵਾਰ ਨੂੰ 48 ਕੇਸ ਪਾਜ਼ੇਟਿਵ ਆਏ। ਮੋਹਾਲੀ 'ਚ 11 ਕੇਸ ਆਏ ਜਿਨ੍ਹਾਂ 'ਚੋਂ ਦਸ ਸ਼ਰਧਾਲੂ ਹਨ। ਤਰਨਤਾਰਨ 'ਚ ਸੱਤ ਸ਼ਰਧਾਲੂ ਤੇ ਕਪੂਰਥਲਾ ਤੇ ਮੁਕਤਸਰ 'ਚ ਤਿੰਨ-ਤਿੰਨ ਸ਼ਰਧਾਲੂ ਪਾਜ਼ੇਟਿਵ ਆਏ ਹਨ। ਸੰਗਰੂਰ ਤੇ ਰੂਪਨਗਰ 'ਚ ਦੋ-ਦੋ, ਜਦਕਿ ਨਵਾਂਸ਼ਹਿਰ, ਪਟਿਆਲਾ, ਮੋਗਾ, ਫਿਰੋਜ਼ਪੁਰ 'ਚ ਇਕ-ਇਕ ਸ਼ਰਧਾਲੂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹੋਰ ਕੇਸਾਂ 'ਚ ਕਪੂਰਥਲਾ 'ਚ ਚਾਰ, ਜਲੰਧਰ 'ਚ ਤਿੰਨ ਤੇ ਫਤਹਿਗੜ੍ਹ ਸਾਹਿਬ 'ਚ ਇਕ ਕੇਸ ਆਇਆ ਹੈ।
ਪੰਜਾਬ 'ਚ ਪਹਿਲਾ ਪਾਜ਼ੇਟਿਵ ਸੱਤ ਮਾਰਚ ਨੂੰ ਆਇਆ ਸੀ। ਸੌ ਕੇਸ ਪਹੁੰਚਣ 'ਚ 31 ਦਿਨ ਲੱਗ ਗਏ ਸਨ। ਇਸ ਤੋਂ ਬਾਅਦ ਨੌਂ ਦਿਨਾਂ 'ਚ ਦੋ ਸੌ ਦਾ ਅੰਕੜਾ ਪਾਰ ਹੋਇਆ ਸੀ, ਜਦਕਿ ਅਗਲੇ ਅੱਠ ਦਿਨਾਂ 'ਚ ਤਿੰਨ ਸੌ ਦਾ ਅੰਕੜਾ ਪਾਰ ਹੋਇਆ ਸੀ। 29 ਅਪ੍ਰੈਲ ਨੂੰ 399 ਕੇਸ ਸਨ।
ਇਥੇ ਇਹ ਦੱਸਣਾ ਬਹੁਤ ਜਰੂਰੀ ਹੈ ਕੇ ਸਰਕਾਰ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਉਪਰ ਲੋਕਾਂ ਵਲੋਂ ਸੰਤੁਸ਼ਟੀ ਨਹੀਂ ਹੈ।