ਅਜੀਤਵਾਲ, ਅਪ੍ਰੈਲ 2020 (ਬਲਦੇਵ ਸਿੰਘ ਬਾਠ): ਕਰੋਨਾ ਵਾਇਰਸ ਦੇ ਕਾਰਨ ਪੈਦਾ ਹੋਈ ਵਿਸ਼ਵ ਵਿਆਪੀ ਸੰਕਟ ਵਾਲੀ ਸਥਿਤੀ ਕਾਰਨ ਪਿਛਲੇ ਇੱਕ ਮਹੀਨੇ ਤੋਂ ਤਖ਼ਤ ਸ਼੍ਰੀ ਹਜੂਰ ਸਾਹਿਬ ਵਿਖੇ ਫਸੇ ਯਾਤਰੀਆਂ ਨੂੰ ਪੰਜਾਬ ਸਰਕਾਰ ਦੇ ਉਪਰਾਲੇ ਤਹਿਤ ਘਰ ਵਾਪਸ ਲਿਆਉਣ ਦੀ ਮੁਹਿੰਮ ਦੌਰਾਨ ਬਲਾਕ ਢੁੱਡੀਕੇ ਦੇ ਪਿੰਡ ਚੂਹੜਚੱਕ ਦੇ ਵੀ ਪੰਜ ਸ਼ਰਧਾਲੂ ਆਪਣੇ ਘਰ ਪਰਤੇ. ਉਕਤ ਮਰੀਜਾਂ ਦੀ ਡਾਕਟਰੀ ਜਾਂਚ ਉਪਰੰਤ ਸੂਬੇ ਵਿੱਚ ਵਾਪਸੀ ਦੇ ਬਾਅਦ ਕਿਸੇ ਵੀ ਮੁਸ਼ਕਿਲ ਵਾਲੀ ਸਥਿਤੀ ਪੈਦਾ ਹੋਣ ਤੋਂ ਬਚਾਉਣ ਲਈ ਅੱਜ ਸਿਹਤ ਵਿਭਾਗ ਢੁੱਡੀਕੇ ਦੀ ਟੀਮ ਨੇ ਉਕਤ ਪੰਜਾਂ ਸ਼ਰਧਾਲੂਆਂ ਨੂੰ 14 ਦਿਨ ਲਈ ਇਕਾਂਤਵਾਸ ਵਿਚ ਰਹਿਣ ਲਈ ਤਿਆਰ ਕੀਤਾ. ਉਕਤ ਟੀਮ ਕਦੀ ਅਗਵਾਈ ਕਰ ਰਹੇ ਫਾਰਮੇਸੀ ਅਫ਼ਸਰ ਰਾਜ ਕੁਮਾਰ ਨੇ ਦੱਸਿਆ ਕਿ ਉਕਤ ਪੰਜਾਂ ਮਰੀਜਾਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ 14 ਦਿਨ ਤੱਕ ਨਾ ਤਾਂ ਕਿਸੇ ਦੇ ਸੰਪਰਕ ਵਿੱਚ ਆਉਣ ਅਤੇ ਨਾ ਹੀ ਕਿਸੇ ਨੂੰ ਛੂਹਣ ਆਦਿ ਦੀ ਗਲਤੀ ਕਰਨ.
ਇਸ ਮੌਕੇ ਬੋਲਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨੀਲਮ ਭਾਟੀਆ ਨੇ ਦੱਸਿਆ ਕਿ ਮਹਾਂਰਾਸ਼ਟਰ ਵਿੱਚ ਕਰੋਨਾ ਦਾ ਪ੍ਰਕੋਪ ਜ਼ਿਆਦਾ ਹੋਣ ਕਾਰਨ ਹਜ਼ੂਰ ਸਾਹਿਬ ਤੋਂ ਵਾਪਸ ਆਉਣ ਵਾਲੇ ਸ਼ਰਧਾਲੂਆਂ ਤੇ ਵਿਸ਼ੇਸ ਧਿਆਨ ਰੱਖਿਆ ਜਾ ਰਿਹਾ ਹੈ. ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਜੂਕੇਟਰ ਮਹੇਸ਼ ਸ਼ਰਮਾ, ਮੈਡੀਕਲ ਅਫ਼ਸਰ ਡਾਕਟਰ ਸਾਕਸ਼ੀ ਬਾਂਸਲ, ਪਿੰਡ ਚੂਹੜਚੱਕ ਦੇ ਸਰਪੰਚ ਰੇਸ਼ਮ ਸਿੰਘ ਗੁੱਡੂ, ਸੀ.ਐਚ.ਓ. ਸੰਦੀਪ ਕੌਰ, ਐਸ.ਐਚ.ਓ. ਪਲਵਿੰਦਰ ਸਿੰਘ ਅਜੀਤਵਾਲ, ਏ.ਐਨ.ਐਮ. ਰਜਿੰਦਰ ਕੌਰ, ਕੰਵਲਜੀਤ ਕੌਰ ਅਤੇ ਸਮੂਹ ਆਸ਼ਾ ਵਰਕਰ ਆਦਿ ਹਾਜ਼ਰ ਸਨ.