ਲੰਡਨ, ਅਪ੍ਰੈਲ 2020 -(ਗਿਆਨੀ ਰਾਵਿਦਾਰਪਾਲ ਸਿੰਘ )-
ਬ੍ਰਿਟੇਨ 'ਚ ਸਰਕਾਰ ਮਹੀਨਿਆਂ ਤੋਂ ਜਾਰੀ ਲਾਕਡਾਊਨ ਘਟਾਉਣ ਦੀ ਯੋਜਨਾ ਬਣਾ ਰਹੀ ਹੈ। ਬ੍ਰਿਟਿਸ਼ ਮੀਡੀਆ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ। ਦਿ ਟੈਲੀਗ੍ਰਾਫ (The Telegraph) ਨੇ ਦੱਸਿਆ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਐਤਵਾਰ ਰਾਤ ਡਾਊਨਿੰਗ ਸਟ੍ਰੀਟ ਵਾਪਸੀ ਤੋਂ ਬਾਅਦ ਇਸ ਹਫ਼ਤੇ ਦੀ ਸ਼ੁਰੂਆਤ 'ਚ ਮਹੀਨਿਆਂ ਤੋਂ ਜਾਰੀ ਲਾਕਡਾਊਨ ਘਟਾਉਣ ਦੀ ਯੋਜਨਾ ਦਾ ਐਲਾਨ ਹੋਣ ਦੀ ਉਮੀਦ ਹੈ। ਯੂ ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਕੋਵਿਡ-19 ਪਾਏ ਜਾਣ ਤੋਂ ਬਾਅਦ ਹਸਪਤਾਲ 'ਚ ਇਕ ਹਫ਼ਤਾ ਬਿਤਾਉਣ ਤੋਂ ਬਾਅਦ ਤੇ ਦੋ ਹਫ਼ਤਿਆਂ ਲਈ ਆਪਣੇ ਘਰ 'ਚ ਕੈਦ ਰਹਿਣ ਤੋਂ ਬਾਅਦ ਸੋਮਵਾਰ ਨੂੰ ਕੰਮ 'ਤੇ ਵਾਪਸੀ ਕਰ ਰਹੇ ਹਨ।
ਟੈਲੀਗ੍ਰਾਫ ਨੇ ਕਿਹਾ ਕਿ ਪੀਐੱਮ ਬੋਰਿਸ ਜੌਨਸਨ ਨੇ ਮੰਤਰੀਆਂ ਨਾਲ ਚਰਚਾ ਕੀਤੀ ਹੈ ਕਿ ਲਾਕਡਾਊਨ ਦੀ ਮਿਆਦ 'ਚ ਸੋਧ ਤੇ ਇਸ ਨੂੰ ਹਟਾਉਣ ਦੀ ਬਜਾਏ, ਲੋਕਾਂ ਤਕ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਦਫ਼ਤਰ ਤੇ ਸਕੂਲ ਮੁੜ ਸ਼ੁਰੂ ਹੋਣ 'ਤੇ ਵੀ ਪਾਬੰਦੀਆਂ ਲਾਗੂ ਰਹਿਣਗੀਆਂ। ਬ੍ਰਿਟੇਨ 'ਚ ਹਸਪਤਾਲਾਂ 'ਚ ਕੋਵਿਡ-19 ਨਾਲ ਹੋਈਆਂ ਮੌਤਾਂ ਦੀ ਅਧਿਕਾਰਤ ਗਿਣਤੀ 24 ਘੰਟਿਆਂ 'ਚ 413 ਵਧ ਕੇ 20,732 ਹੋ ਗਈ ਹੈ। ਜਦਕਿ ਦੇਸ਼ ਵਿਚ ਕੁੱਲ ਮਾਮਲਿਆਂ ਦੀ ਗਿਣਤੀ 4,463 ਵਧ ਕੇ 15,24,640 ਹੋ ਗਈ ਹੈ।