ਨਵੀਂ ਦਿੱਲੀ,ਅਪ੍ਰੈਲ 2020 -(ਏਜੰਸੀ)- ਕੋਰੋਨਾ ਸੰਕਟ ਦੌਰਾਨ ਦੇਸ਼ ਦੇ ਕਈ ਹਿੱਸਿਆਂ 'ਚ ਸ਼ੁੱਕਰਵਾਰ ਨੂੰ ਚੰਦ ਦਿਖਾਈ ਦਿੱਤਾ। ਸ਼ਨਿਚਰਵਾਰ ਤੋਂ ਮੁਸਲਮਾਨਾਂ ਦੇ ਪਵਿੱਤਰ ਰਮਜ਼ਾਨ ਦੀ ਸ਼ੁਰੂਆਤ ਹੋ ਗਈ ਹੈ। ਸ਼ਨਿਚਰਵਾਰ ਤੋਂ ਲੋਕ ਰੋਜ਼ਾ ਰੱਖਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਸਲਮਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਮਜ਼ਾਨ ਮੁਬਾਰਕ, ਮੈਂ ਸਾਰਿਆਂ ਦੀ ਸੁਰੱਖਿਆ, ਕਲਿਆਣ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦਾ ਹਾਂ। ਇਹ ਪਵਿੱਤਰ ਮਹੀਨਾ ਆਪਣੇ ਨਾਲ ਦਯਾ, ਸਦਭਾਵ ਤੇ ਕਰੁਣਾ ਲਿਆਵੇਗਾ। ਅਸੀਂ ਕੋਵਿਡ-19 ਖ਼ਿਲਾਫ਼ ਚੱਲ ਰਹੀ ਲੜਾਈ 'ਚ ਫ਼ੈਸਲਾਕੁੰਨ ਜਿੱਤ ਹਾਸਲ ਕਰੀਏ ਤੇ ਇਕ ਸਿਹਤਮੰਦ ਦੁਨੀਆ ਬਣਾਈਏ।
ਰੋਜ਼ੇ ਲਗਤਾਰ 29 ਜਾਂ 30 ਦਿਨ ਰੱਖਦੇ ਜਾਂਦੇ ਹਨ
ਮੁਸਲਮਾਨ ਰਮਜ਼ਾਨ ਮਹੀਨੇ ਯਾਨੀ ਚੰਦ ਦੀ ਤਾਰੀਕ ਅਨੁਸਾਰ 29 ਜਾਂ 30 ਦਿਨ ਦੇ ਰੋਜ਼ੇ ਰੱਖਦੇ ਹਨ। ਰਮਜ਼ਾਨ ਹਿਜਰੀ ਕੈਲੰਡਰ ਦੇ ਇਸ 9ਵੇਂ ਮਹੀਨੇ ਮੁਸਲਿਮ ਸਮਾਜ ਦੇ ਲੋਕ ਰੋਜ਼ਾ ਰੱਖਦੇ ਹਨ। ਰੋਜ਼ਾ ਇਕ ਅਜਿਹਾ ਵਰਤ ਹੁੰਦਾ ਹੈ, ਜਿਹੜਾ ਸੂਰਜ ਚੜ੍ਹਨ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ ਤੇ ਸੂਰਜ ਡੁੱਬਣ ਤਕ ਚੱਲਦਾ ਹੈ। ਜੋ ਲੋਕ ਰੋਜ਼ਾ ਰੱਖਦੇ ਹਨ ਉਹ ਸਹਿਰੀ ਤੇ ਇਫ਼ਤਾਰ ਦੇ ਵਿਚਕਾਰ ਕੁਝ ਵੀ ਨਹੀਂ ਖਾ-ਪੀ ਸਕਦੇ। ਸਹਿਰੀ ਸਵੇਰ ਦਾ ਖਾਣਾ ਹੁੰਦਾ ਹੈ ਜੋ ਵਰਤ ਸ਼ੁਰੂ ਹੋਣ ਤੋਂ ਪਹਿਲਾਂ ਖਾਧਾ ਜਾਂਦਾ ਹੈ, ਉੱਥੇ ਹੀ ਇਫ਼ਤਾਰ ਦਿਨਭਰ ਵਰਤ ਪੂਰਾ ਹੋਣ 'ਤੇ ਸ਼ਾਮ ਵੇਲੇ ਕੀਤਾ ਜਾਂਦਾ ਹੈ। ਇਫ਼ਤਾਰ ਦਾ ਮਤਲਬ ਵਰਤ ਖੋਲ੍ਹਣਾ ਹੁੰਦਾ ਹੈ।
ਇਫ਼ਤਾਰ ਦੇ ਰੂਪ 'ਚ ਜ਼ਿਆਦਾਤਰ ਲੋਕ, ਫਲ਼, ਖਜੂਰ ਤੇ ਅੰਕੁਰਿਤ ਛੋਲਿਆਂ ਦਾ ਸੇਵਨ ਕਰਦੇ ਹਨ। ਰਮਜ਼ਾਨ ਵੇਲੇ ਰੋਜ਼ਾ ਰੱਖਣ ਵਾਲੇ ਸਾਰੇ ਮੁਸਲਮਾਨ ਪੰਜ ਵਕਤ ਦੀ ਨਮਾਜ਼ ਪੜ੍ਹਨੀ ਨਹੀਂ ਭੁੱਲਦੇ। ਕੋਰੋਨਾ ਵਾਇਰਸ ਦੇ ਪਸਾਰੇ ਤੇ ਦੇਸ਼ ਵਿਚ ਲਾਕਡਾਊਨ ਲਾਗੂ ਹੋਣ ਕਾਰਨ ਲੋਕਾਂ ਨੂੰ ਮਸਜਿਦ ਦੀ ਬਜਾਏ ਘਰ 'ਚ ਹੀ ਨਮਾਜ਼ ਪੜ੍ਹਨ ਲਈ ਕਿਹਾ ਹੈ।
ਲਾਕਡਾਊ ਕਾਰਨ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ
ਦੇਸ਼ ਦੇ ਪ੍ਰਮੁੱਖ ਉਲੇਮਾ ਨੇ ਕਿਹਾ ਹੈ ਕਿ ਲਾਕਡਾਊਨ 'ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜ ਧਾਰਮਿਕ ਲੋਕਾਂ ਦੇ ਸਿਵਾਏ ਕੋਈ ਵੀ ਵਿਅਕਤੀ ਮਸਜਿਦ 'ਚ ਨਾ ਆਵੇ, ਪੰਜ ਵਕਤ ਦੀ ਨਮਾਜ਼, ਜੁੰਮਾ ਤੇ ਨਮਾਜ਼ੇ ਤਰਾਵੀਹ ਆਪੋ-ਆਪਣੇ ਘਰਾਂ ਅੰਦਰ ਹੀ ਅਦਾ ਕਰਨ। ਉੱਥੇ ਹੀ ਸਾਊਦੀ ਅਰਬ 'ਚ ਮਾਹ-ਏ-ਰਮਜ਼ਾਨ ਸ਼ੁਰੂ ਹੋ ਚੁੱਕਾ ਹੈ। ਅਸਲ ਵਿਚ ਸਾਊਦੀ ਅਰਬ 'ਚ ਭਾਰਤ ਤੋਂ ਇਕ ਦਿਨ ਪਹਿਲਾਂ ਰਮਜ਼ਾਨ ਸ਼ੁਰੂ ਹੁੰਦਾ ਹੈ। ਈਦ ਵੀ ਇਕ ਦਿਨ ਪਹਿਲਾਂ ਮਨਾਈ ਜਾਂਦੀ ਹੈ।