ਲੁਧਿਆਣਾ, ਮਾਰਚ ਗਿਆਸਪੁਰਾ ਦੀ ਸਮਰਾਟ ਕਲੋਨੀ ਦੀ ਇੱਕ ਦੁਕਾਨ ’ਤੇ ਮੋਬਾਈਲ ਰਿਚਾਰਜ ਕਰਵਾਉਣ ਗਈ ਨਾਬਾਲਗ ਨਾਲ ਦੁਕਾਨਦਾਰ ਨੇ ਦੁਕਾਨ ’ਚ ਹੀ ਜਬਰ ਜਨਾਹ ਕਰ ਦਿੱਤਾ। ਮੁਲਜ਼ਮ ਨੇ ਨਾਬਾਲਿਗ ਨੂੰ ਦੁਕਾਨ ’ਚ ਹੀ ਵਾੜ ਲਿਆ। ਜਦੋਂ ਨਾਬਾਲਗ ਦੀ ਮਾਂ ਉਸ ਨੂੰ ਲੱਭਦੀ ਹੋਈ ਦੁਕਾਨ ’ਤੇ ਪੁੱਜੀ ਤਾਂ ਲੋਕਾਂ ਨੇ ਦੱਸਿਆ ਕਿ ਦੁਕਾਨਦਾਰ ਉਸ ਨੂੰ ਅੰਦਰ ਲੈ ਕੇ ਗਿਆ ਹੈ। ਜਦੋਂ ਉਹ ਦੁਕਾਨ ਅੰਦਰ ਗਈ ਤਾਂ ਲੜਕੀ ਨੇ ਸਾਰੀ ਗ਼ੱਲ ਉਸ ਨੂੰ ਦੱਸੀ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਪੀੜਤ ਦੀ ਮਾਂ ਦੀ ਸ਼ਿਕਾਇਤ ’ਤੇ ਸਮਰਾਟ ਕਲੋਨੀ ਦੇ ਚੰਦਰ ਕੁਮਾਰ ਖਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮ ਦੀ ਭਾਲ ’ਚ ਲੱਗੀ ਹੋਈ ਹੈ। ਲੜਕੀ ਦੀ ਮਾਂ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਉਸ ਦੀ ਲੜਕੀ ਇਲਾਕੇ ਦੇ ਹੀ ਇੱਕ ਸਕੂਲ ’ਚ ਪੜ੍ਹਾਈ ਕਰਦੀ ਹੈ। ਸੋਮਵਾਰ ਨੂੰ ਉਸ ਨੇ ਆਪਣੀ ਲੜਕੀ ਨੂੰ ਸ਼ਿਵ ਸ਼ਕਤੀ ਟੈਲੀਕਾਮ ’ਤੇ ਮੋਬਾਈਲ ਰਿਚਾਰਜ ਕਰਵਾਉਣ ਲਈ ਭੇਜਿਆ ਸੀ। ਦੁਕਾਨ ਮਾਲਕ ਨੇ ਉਸ ਦੀ ਲੜਕੀ ਨੂੰ ਦੁਕਾਨ ਦੇ ਅੰਦਰ ਹੀ ਬੁਲਾ ਲਿਆ ਤੇ ਜਬਰ ਜਨਾਹ ਕਰ ਦਿੱਤਾ। ਜਾਂਚ ਅਧਿਕਾਰੀ ਏਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਾਲੇ ਫ਼ਰਾਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੀੜਤਾ ਦੀ ਮੈਡੀਕਲ ਜਾਂਚ ਕਰਵਾ ਦਿੱਤੀ ਗਈ ਹੈ ਤੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ।