ਮਾਨਚੈਸਟਰ/ਇੰਗਲੈਂਡ ਅਪ੍ਰੈਲ 2020 - (ਗਿਆਨੀ ਅਮਰੀਕ ਸਿੰਘ ਰਾਠੌਰ )-ਪੰਜਾਬ ਜਾਂ ਭਾਰਤ ਦੇ ਹੋਰਨਾਂ ਸੂਬਿਆਂ ਦੇ ਵਿਦਿਆਰਥੀ ਜਿਨ੍ਹਾਂ ਦਾ ਯੂ.ਕੇ. ਪੜ੍ਹਾਈ ਕਰਨ ਆਉਣ ਲਈ ਮਈ ਜਾਂ ਜੂਨ ਸੈਸ਼ਨ ਦਾ ਵੀਜ਼ਾ ਲੱਗਾ ਹੈ ਅਤੇ ਉਹ ਕੋਰੋਨਾ ਵਾਇਰਸ ਦੀ ਚੱਲ ਰਹੀ ਭਿਆਨਕ ਬਿਮਾਰੀ ਕਾਰਨ ਭਾਰਤ ਅਤੇ ਯੂ.ਕੇ. ਸਰਕਾਰ ਵਲੋਂ ਕੀਤੀ ਤਾਲਾਬੰਦੀ ਕਾਰਨ ਪੰਜਾਬ ਜਾਂ ਭਾਰਤ ਦੇ ਹੋਰ ਸੂਬਿਆਂ 'ਚੋਂ ਹਵਾਈ ਉਡਾਣਾਂ ਨਾ ਆਉਣ ਕਾਰਨ ਉੱਥੇ ਹੀ ਫਸ ਕੇ ਰਹਿ ਗਏ ਹਨ, ਉਨ੍ਹਾਂ ਨੂੰ ਹੁਣ ਆਪਣਾ ਵੀਜ਼ਾ ਵਧਾਉਣਾ ਪੈ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂ.ਕੇ. ਇੰਮੀਗ੍ਰੇਸ਼ਨ ਦੇ ਪ੍ਰਸਿੱਧ ਵਕੀਲ ਗੁਰਪਾਲ ਸਿੰਘ ਉੱਪਲ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਯੂ.ਕੇ. ਪੜ੍ਹਾਈ ਕਰਨ ਆਉਣ ਲਈ ਮਈ ਅਤੇ ਜੂਨ ਸੈਸ਼ਨ ਦੇ 28 ਦਿਨ ਦਾ ਵੀਜ਼ਾ ਲੱਗ ਚੁੱਕਾ ਹੈ ਅਤੇ ਉਹ ਯੂ.ਕੇ. ਨਹੀਂ ਆ ਸਕੇ, ਉਨ੍ਹਾਂ ਨੂੰ ਹੋਰ ਆਫ਼ਿਸ ਜਾਂ ਬ੍ਰਿਟਿਸ਼ ਹਾਈ ਕਮਿਸ਼ਨ ਦੀ ਵੈੱਬਸਾਈਟ 'ਤੇ ਜਾ ਕੇ ਈ-ਮੇਲ ਰਾਹੀਂ ਆਪਣਾ ਵੀਜ਼ਾ ਵਧਾਇਆ ਜਾ ਸਕਦਾ ਹੈ। ਉੱਪਲ ਨੇ ਦੱਸਿਆ ਕਿ ਯੂ.ਕੇ. ਆ ਰਹੇ ਵਿਦਿਆਰਥੀਆਂ ਦਾ ਭਾਰਤ 'ਚ ਪਹਿਲਾਂ 28 ਦਿਨ ਦਾ ਵੀਜ਼ਾ ਹੀ ਲੱਗਦਾ ਹੈ ਅੰਤ ਫਿਰ ਯੂ.ਕੇ. ਆ ਕੇ ਉਨ੍ਹਾਂ ਨੂੰ ਇੱਥੋਂ ਦੇ ਦੱਸੇ ਗਏ ਕਿਸੇ ਡਾਕਘਰ ਤੋਂ ਜਾ ਕੇ ਪੜ੍ਹਾਈ ਦੇ ਮੁਤਾਬਿਕ ਵੀਜ਼ਾ ਕਾਰਡ ਮਿਲਦਾ ਹੈ। ਵਕੀਲ ਉੱਪਲ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਇਸ ਵੇਲੇ ਯੂ.ਕੇ. 'ਚ ਆ ਚੁੱਕੇ ਹਨ ਖਾਸ ਕਰ ਕੇ ਪੰਜਾਬ ਤੋਂ ਜੋ ਵਿਦਿਆਰਥੀ ਇੱਥੇ ਆਏ ਹਨ ਉਨ੍ਹਾਂ ਨੂੰ ਇੱਥੇ ਕੰਮ ਕਰਨ ਦੀ ਮਿਲੀ ਹੋਈ ਇਜਾਜ਼ਤ ਦੇ ਮੁਤਾਬਿਕ ਕੰਮ ਨਾ ਮਿਲਣ ਕਰ ਕੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।