You are here

ਕੋਰੋਨਾ ਨਾਲ ਲੜਾਈ 'ਚ ਭਾਰਤ ਹੁਣ ਤਕ ਅੱਵਲ

 ਨਵੀਂ ਦਿੱਲੀ , ਅਪ੍ਰੈਲ 2020 -(ਏਜੰਸੀ)-

 ਕੋਰੋਨਾ ਵਿਰੁੱਧ ਲੜਾਈ 'ਚ ਦੁਨੀਆ ਦੇ ਦੂਜੇ ਦੇਸ਼ਾਂ ਤੋਂ ਭਾਰਤ ਹਰ ਮੋਰਚੇ 'ਤੇ ਅੱਗੇ ਹੈ। ਪ੍ਰਤੀ 10 ਲੱਖ ਦੀ ਅਬਾਦੀ 'ਤੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੀ ਇੱਥੇ ਪੱਛਮੀ ਦੇਸ਼ਾਂ ਤੋਂ ਕਾਫ਼ੀ ਘੱਟ ਹੈ। ਜੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੁਗਣੀ ਹੋਣ ਦਾ ਹਿਸਾਬ ਲਾਇਆ ਜਾਵੇ ਤਾਂ ਇਸ ਵਿਚ ਵੀ ਭਾਰਤ ਦੀ ਸਥਿਤੀ ਬਿਹਤਰ ਹੈ। ਇੱਥੇ ਮਰੀਜ਼ਾਂ ਦੀ ਗਿਣਤੀ ਦੁਗਣੀ ਹੋਣ 'ਚ ਪੱਛਮੀ ਦੇਸ਼ਾਂ ਤੋਂ ਜ਼ਿਆਦਾ ਵਕਤ ਲੱਗ ਰਿਹਾ ਹੈ। ਭਾਰਤ ਵਿਚ ਕੋਰੋਨਾ ਦੇ ਟੈਸਟ ਘੱਟ ਹੋਣ ਦਾ ਦੋਸ਼ ਭਾਵੇਂ ਹੀ ਲਾਇਆ ਜਾਂਦਾ ਹੋਵੇ ਪਰ ਅੰਕੜੇ ਦੱਸਦੇ ਹਨ ਕਿ ਭਾਰਤ ਵਿਚ 24 ਟੈਸਟ ਕਰਨ 'ਤੇ ਇਕ ਪਾਜ਼ੇਟਿਵ ਮਰੀਜ਼ ਮਿਲ ਰਿਹਾ ਹੈ ਜਦਕਿ ਅਮਰੀਕਾ ਵਿਚ ਹਰ ਪੰਜ ਟੈਸਟ 'ਚ ਇਕ ਪਾਜ਼ੇਟਿਵ ਮਰੀਜ਼ ਮਿਲ ਰਿਹਾ ਹੈ।

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ ਡਾਕਟਰ ਰਮਨ ਗੰਗਖੇੜਕਰ ਅਨੁਸਾਰ ਦੁਨੀਆ ਵਿਚ ਸਭ ਤੋਂ ਬਿਹਤਰ ਟੈਸਟਿੰਗ ਕਰਨ ਵਾਲੇ ਦੇਸ਼ਾਂ ਤੋਂ ਵੀ ਭਾਰਤ ਬਹੁਤ ਅੱਗੇ ਹੈ। ਉਨ੍ਹਾਂ ਕਿਹਾ ਕਿ ਟੈਸਟਿੰਗ ਦੇ ਮਾਮਲੇ ਵਿਚ ਜਾਪਾਨ ਦੀ ਮਿਸਾਲ ਸਭ ਤੋਂ ਜ਼ਿਆਦਾ ਦਿੱਤੀ ਜਾ ਰਹੀ ਹੈ ਪਰ ਸੱਚਾਈ ਇਹ ਹੈ ਕਿ ਜਾਪਾਨ ਇਕ ਮਰੀਜ਼ ਲੱਭਣ ਲਈ 11.7 ਟੈਸਟ ਕਰਦਾ ਹੈ। ਇਸੇ ਤਰ੍ਹਾਂ ਇਕ ਮਰੀਜ਼ ਲਈ ਇਟਲੀ ਔਸਤਨ 6.7 ਟੈਸਟ, ਅਮਰੀਕਾ 5.3 ਟੈਸਟ ਤੇ ਬਰਤਾਨੀਆ 3.4 ਟੈਸਟ ਕਰ ਰਿਹਾ ਹੈ। ਉਧਰ ਭਾਰਤ ਨੂੰ ਇਕ ਮਰੀਜ਼ ਲੱਭਣ ਲਈ ਔਸਤਨ 24 ਟੈਸਟ ਕਰਨੇ ਪੈ ਰਹੇ ਹਨ।

ਇਸ ਤਰ੍ਹਾਂ ਪ੍ਰਤੀ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ ਦੁਨੀਆ ਦੇ ਦੂਜੇ ਦੇਸ਼ਾਂ ਦੀ ਤੁਲਨਾ ਵਿਚ ਕਈ ਗੁਣਾ ਜ਼ਿਆਦਾ ਟੈਸਟ ਕਰ ਰਿਹਾ ਹੈ। ਡਾ. ਗੰਗਾਖੇੜਕਰ ਨੇ ਕਿਹਾ ਕਿ ਇਸ ਤੋਂ ਇਲਾਵਾ ਅਸੀਂ ਕੋਰੋਨਾ ਤੋਂ ਅਣਛੋਹੇ ਇਲਾਕਿਆਂ ਵਿਚ ਵੀ ਸਰਦੀ, ਖੰਘ, ਜ਼ੁਕਾਮ ਤੇ ਸਾਹ ਨਾਲ ਸਬੰਧਿਤ ਬਿਮਾਰੀਆਂ ਤੋਂ ਪੀੜਤ ਲੋਕਾਂ ਦਾ ਕੋਰੋਨਾ ਟੈਸਟ ਕਰ ਰਹੇ ਹਾਂ।

ਕੁਸ ਮੱਧਮ ਪੈ ਰਹੀ ਹੈ ਰਫ਼ਤਾਰ

ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 750 ਤੋਂ 1500 ਤੇ 1500 ਤੋਂ 3000 ਮਰੀਜ਼ਾਂ ਦੀ ਗਿਣਤੀ ਪੁੱਜਣ 'ਚ ਭਾਰਤ 'ਚ ਚਾਰ-ਚਾਰ ਦਿਨ ਲੱਗੇ ਸਨ। ਉਧਰ 3000 ਤੋਂ 6000 ਪੁੱਜਣ ਵਿਚ ਪੰਜ ਦਿਨ ਲੱਗੇ ਤੇ 6000 ਤੋਂ 12 ਹਜ਼ਾਰ ਪੁੱਜਣ 'ਚ ਛੇ ਦਿਨ ਲੱਗੇ। ਅਮਰੀਕਾ 'ਚ ਏਨੇ ਮਰੀਜ਼ ਹੋਣ ਤਕ ਉਨ੍ਹਾਂ ਦੀ ਗਿਣਤੀ ਹਰ ਦੂਜੇ ਦਿਨ ਦੁਗਣੀ ਹੋ ਰਹੀ ਸੀ। ਵਿਕਸਤ ਦੇਸ਼ਾਂ ਵਿਚ ਸਭ ਤੋਂ ਬਿਹਤਰ ਪ੍ਰਦਰਸ਼ਨ ਕੈਨੇਡਾ ਦਾ ਰਿਹਾ ਪਰ ਉੱਥੇ ਵੀ ਪੰਜ ਦਿਨ ਵਿਚ ਮਰੀਜ਼ਾਂ ਦੀ ਗਿਣਤੀ ਛੇ ਹਜ਼ਾਰ ਤੋਂ 12 ਹਜ਼ਾਰ ਹੋ ਗਈ ਸੀ।