ਸੰਵਿਧਾਨ ਨਿਰਮਾਤਾ ਨੂੰ ਸਮਰਪਿਤ-
ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਹੈ, ਜਿੰਨਾ ਨੇ ਸੰਵਿਧਾਨ ਦੀ ਸਿਰਜਣਾ ਕਰਨ ਤੋਂ ਪਹਿਲਾਂ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਦੇ ਵੱਖ ਵੱਖ ਪੱਖਾਂ ਦੇ ਹਾਲਾਤਾਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਉਸ ਵੇਲੇ ਦੇ ਭਾਰਤ ਦੇ ਜਮੀਨੀ ਪੱਧਰ ਦੇ ਹਾਲਾਤਾਂ ਨਾਲ ਸਬੰਧਿਤ ਹਰ ਤਰ੍ਹਾਂ ਦੇ ਪਹਿਲੂਆਂ ਨੂੰ ਚੰਗੀ ਤਰ੍ਹਾਂ ਘੋਖਿਆ। ਭਾਰਤ ਦੇ ਹਾਲਾਤ ਦੂਜੇ ਦੇਸ਼ਾਂ ਦੇ ਮੁਕਾਬਲੇ ਬਿਲਕੁਲ ਵੱਖਰੇ ਸਨ, ਕਿਉਂਕਿ ਸੰਸਾਰ ਦੇ ਬਾਕੀ ਦੇਸ਼ਾਂ ਵਿਚ ਕੇਵਲ ਆਰਥਿਕ ਵਿਤਕਰੇ ਦੀ ਕੰਧ ਸੀ ਜਦੋਂ ਕਿ ਭਾਰਤ ਵਿਚ ਆਰਥਿਕ ਵਿਤਕਰੇ ਦੇ ਨਾਲ ਨਾਲ ਜਾਤੀਵਾਦ ਪ੍ਰਬੰਧ ਦਾ ਵਿਤਕਰਾ ਭਾਰੂ ਹੋਣ ਕਰਕੇ ਇਥੇ ਉੱਚ ਜਾਤੀ ਦੇ ਲੋਕਾਂ ਵਲੋਂ ਅਖੌਤੀ ਨੀਵੀਂ ਜਾਤੀ ਦੇ ਲੋਕਾਂ ਨਾਲ ਜਾਨਵਰਾਂ ਨਾਲੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਸੀ। ਕੁੱਤੇ ਅਤੇ ਹੋਰ ਜਾਨਵਰ ਛੱਪੜਾਂ ਵਿਚੋਂ ਲੰਘ ਸਕਦੇ ਸਨ ਪਰ ਦਲਿਤਾਂ ਨੂੰ ਉਥੋਂ ਪਾਣੀ ਪੀਣ ਦੀ ਵੀ ਮਨਾਹੀ ਸੀ। ਦੇਸ਼ ਵਿਚ ਮਨੂੰ ਵਿਧਾਨ ਲਾਗੂ ਹੋਣ ਕਰਕੇ ਔਰਤ ਜਾਤੀ ਉਪਰ ਵੀ ਬੇਹੱਦ ਬੰਦਸ਼ਾਂ ਲਾਗੂ ਸਨ ਅਤੇ ਔਰਤਾਂ ਨਾਲ ਵੀ ਦਲਿਤਾਂ ਵਾਂਗ ਵਿਤਕਰਾ ਜਾਰੀ ਸੀ। ਅਜਿਹੇ ਹਾਲਾਤਾਂ ਨਾਲ ਲੜਨ ਲਈ ਡਾ: ਅੰਬੇਦਕਰ ਇਕੱਲੇ ਸਨ, ਪਰ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਸਰਮਾਏਦਾਰਾਂ ਅਤੇ ਰਾਜਨੀਤੀ ਉਪਰ ਕਾਬਜ ਲੋਕਾਂ ਦੀ ਗਿਣਤੀ ਬਹੁਤ ਜਿਆਦਾ ਸੀ। ਡਾ: ਅੰਬੇਦਕਰ ਦੂਹਰੀ ਲੜਾਈ ਲੜਨ ਲਈ ਮਜਬੂਰ ਸਨ, ਜਿਥੇ ਉਨ੍ਹਾਂ ਨੂੰ ਦੇਸ਼ ਦੀ ਅਜਾਦੀ ਲਈ ਸੰਘਰਸ਼ ਕਰਨਾ ਪੈ ਰਿਹਾ ਸੀ ਉਥੇ ਉਨ੍ਹਾਂ ਨੂੰ ਦੇਸ਼ ਦੇ ਉਨ੍ਹਾਂ ਕਰੋੜਾਂ ਲੋਕਾਂ ਲਈ ਵੀ ਲੜਾਈ ਲੜਨੀ ਪੈ ਰਹੀ ਸੀ ਜਿੰਨਾ ਨੂੰ ਸਦੀਆਂ ਤੋਂ ਮਨੂੰਵਾਦੀਆਂ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਉਨ੍ਹਾਂ ਨੇ ਹੁਣ ਦੇ ਖੁਦਗਰਜ਼ ਲੋਕਾਂ ਵਾਂਗੂੰ ਨਾ ਤਾਂ ਆਪਣੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਅਤੇ ਨਾ ਹੀ ਕੰਨਾਂ ਵਿਚ ਅਤੇ ਮੂੰਹ' ਤੇ ਉਂਗਲ ਕੇ ਰੱਖੀ ਹੋਈ ਸੀ । ਉਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਣ ਸਮੇਂ ਦੇਸ਼ ਵਿਚ ਪੈਦਾ ਹੋਏ ਹਰ ਵਰਗ ਦੇ ਲੋਕਾਂ ਭਾਵੇਂ ਕੋਈ ਮਰਦ ਹੋਵੇ ਭਾਵੇਂ ਔਰਤ ਹੋਵੇ ਨੂੰ ਬਰਾਬਰਤਾ ਦਾ ਅਧਿਕਾਰ ਲੈ ਕੇ ਦਿੱਤਾ। ਕਿਸੇ ਇਕ ਧਰਮ ਦੀ ਥਾਂ ਸਾਰੇ ਧਰਮਾਂ ਨੂੰ ਬਰਾਬਰ ਰੱਖ ਕੇ ਦੇਸ਼ ਨੂੰ ਧਰਮ ਨਿਰਪੱਖ ਦੇਸ਼ ਦਾ ਦਰਜਾ ਦਿੱਤਾ। ਸੰਵਿਧਾਨ ਨੂੰ ਇਸ ਤਰ੍ਹਾਂ ਗੁੰਦਿਆ ਕਿ ਅਜਾਦੀ ਦੇ 73 ਸਾਲ ਬੀਤ ਜਾਣ ਦੇ ਬਾਵਜੂਦ ਵੀ ਭਾਰਤ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਹੈ ਜਦਕਿ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਦੇ ਬੁੱਧੀਜੀਵੀਆਂ ਅਤੇ ਰਾਜਨੀਤਕਾਂ ਦਾ ਕਹਿਣਾ ਸੀ ਕਿ ਭਾਰਤ ਅਜਾਦੀ ਤੋਂ ਬਾਅਦ ਜਲਦੀ ਹੀ ਖੇਰੂੰ ਖੇਰੂੰ ਹੋ ਜਾਵੇਗਾ ਕਿਉਂਕਿ ਭਾਰਤ ਵਿਚ ਹਜਾਰਾਂ ਜਾਤਾਂ-ਕੁਜਾਤਾਂ, ਫਿਰਕੇ, ਧਰਮਾਂ , ਬੋਲੀਆਂ, ਪਹਿਰਾਵਿਆਂ ਅਤੇ ਰਹਿਣ ਸਹਿਣ ਦੀਆਂ ਵੰਨਗੀਆਂ ਪਾਈਆਂ ਜਾ ਰਹੀਆਂ ਹਨ ਅਤੇ ਅਜਿਹੇ ਹਾਲਾਤਾਂ ਵਿੱਚ ਭਾਰਤ ਦਾ ਲੰਬਾ ਸਮਾਂ ਇਕੱਠੇ ਰਹਿਣਾ ਮੁਸ਼ਕਿਲ ਹੈ।
ਜਿਸ ਤਰ੍ਹਾਂ ਅੱਜ ਚਾਰੇ ਪਾਸੇ ਫੈਲੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਸਾਰੇ ਸੰਸਾਰ ਦੀਆਂ ਸਰਕਾਰਾਂ ਸੰਘਰਸ਼ ਕਰ ਰਹੀਆਂ ਹਨ ਉਸੇ ਤਰ੍ਹਾਂ ਹੀ ਡਾ: ਅੰਬੇਦਕਰ ਨੇ ਭਾਰਤ ਵਿਚ ਸਦੀਆਂ ਤੋਂ ਫੈਲੇ ਖਤਰਨਾਕ ਜਾਤ-ਪਾਤ ਦੇ ਵਾਇਰਸ ਨੂੰ ਖਤਮ ਲਈ ਅਤੇ ਦੇਸ਼ ਵਿਚ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਬਰਾਬਰਤਾ ਕਾਇਮ ਕਰਨ ਲਈ ਜਿੰਦਗੀ ਭਰ ਜਹਿਦੋ-ਜਹਿਦ ਕੀਤੀ। ਇਸ ਲਈ ਅੱਜ ਦੇ ਸਮੂਹ ਦੇਸ਼ ਵਾਸੀਆਂ ਦਾ ਫਰਜ ਬਣਦਾ ਹੈ ਕਿ ਮਹਾਨ ਬੁੱਧੀਜੀਵੀ, ਰਾਜਸੀ ਆਗੂ, ਅਰਥ-ਸ਼ਾਸਤਰੀ, ਸਮਾਜਿਕ ਵਿਗਿਆਨੀ ਅਤੇ ਦੇਸ਼ ਦੇ ਰਹਿਬਰ ਦੇ ਜਨਮ ਦਿਹਾੜੇ 'ਤੇ ਦੀਪ ਮਾਲਾ ਕਰਕੇ ਦੇਸ਼ ਨੂੰ ਹਰ ਪੱਖੋਂ ਮਜ਼ਬੂਤ ਕਰਨ ਦਾ ਪ੍ਰਣ ਲੈਣ। ਡਾ: ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਦੇਸ਼ ਵਿੱਚ ਫੈਲੇ ਨਾਮੁਰਾਦ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਸਰਕਾਰ ਅਤੇ ਡਾਕਟਰਾਂ ਵਲੋਂ ਦਿੱਤੀਆਂ ਜਾ ਰਹੀਆਂ ਹਿਦਾਇਤਾਂ ਅਤੇ ਸਾਵਧਾਨੀਆਂ ਦੀ ਪਾਲਣਾ ਕਰੀਏ ਕਿਉਂਕਿ ਇਸੇ ਵਿੱਚ ਹੀ ਦੇਸ਼ ਅਤੇ ਦੇਸ਼ ਦੇ ਲੋਕਾਂ ਦਾ ਭਲਾ ਹੈ। ਅਜਾਦੀ ਲੰਬੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੋਈ ਹੈ ਇਸ ਲਈ ਇਸ ਨੂੰ ਬਰਕਰਾਰ ਰੱਖਣਾ ਹੁਣ ਸਾਡਾ ਫਰਜ ਬਣਦਾ ਹੈ।
-ਸੁਖਦੇਵ ਸਲੇਮਪੁਰੀ
09780620233
14 ਅਪਰੈਲ, 2020