ਵਾਸ਼ਿੰਗਟਨ, ਅਪ੍ਰੈਲ 2020 -(ਏਜੰਸੀ)-
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (WHO) ਨੂੰ ਅਮਰੀਕਾ ਤੋਂ ਮਿਲਣ ਵਾਲੇ ਫੰਡ 'ਤੇ ਰੋਕ ਲਾਉਣ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਆਪਣੇ ਪ੍ਰਸ਼ਾਸਨ ਨੂੰ ਵਿਸ਼ਵ ਸਿਹਤ ਸੰਗਠਨ (WHO) ਦੀ ਫੰਡਿੰਗ ਰੋਕਣ ਦੀ ਹਦਾਇਤ ਦਿੱਤੀ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਦੇ ਚੀਨ 'ਚ ਉੱਭਰਨ ਤੋਂ ਬਾਅਦ ਇਸ ਦੇ ਪਸਾਰੇ ਨੂੰ ਲੁਕਾਉਣ ਤੇ ਮਾੜੇ ਪ੍ਰਬੰਧਾਂ 'ਚ ਸੰਗਠਨ ਦੀ ਭੂਮਿਕਾ ਦੀ ਸਮੀਖਿਆ ਕੀਤੀ ਜਾ ਰਹੀ ਹੈ।ਟਰੰਪ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, 'ਅੱਜ ਮੈਂ ਆਪਣੇ ਪ੍ਰਸ਼ਾਸਨ ਨੂੰ ਵਿਸ਼ਵ ਸਿਹਤ ਸੰਗਠਨ (WHO) ਦੀ ਫੰਡਿੰਗ ਰੋਕਣ ਦੇ ਨਿਰਦੇਸ਼ ਦੇ ਰਿਹਾ ਹਾਂ। ਅਸੀਂ ਆਲਮੀ ਵਿਵਸਥਾ ਸਬੰਧੀ ਸਿੱਧਾ ਦੂਸਰਿਆਂ ਨਾਲ ਕੰਮ ਕਰਾਂਗੇ। ਅਸੀਂ ਜੋ ਵੀ ਮਦਦ ਭੇਜਦੇ ਹਾਂ, ਉਸ 'ਤੇ ਸਖ਼ਤਾਈ ਨਾਲ ਚਰਚਾ ਹੋਵੇਗੀ।'