You are here

ਹੁਣ 'ਕੋਵਾ' ਐਪ ਰਾਹੀਂ ਘਰ ਮੰਗਵਾਓ ਲੋੜੀਂਦੀਆਂ ਘਰੇਲੂ ਵਸਤਾਂ

ਹੋਰ ਦੁਕਾਨਦਾਰ ਵੀ ਰਜਿਸਟਰੇਸ਼ਨ ਕਰਾਉਣ, ਲੋਕ ਐਪ ਡਾਊਨਲੋਡ ਕਰਨ-ਵਧੀਕ ਡਿਪਟੀ ਕਮਿਸ਼ਨਰ

ਲੁਧਿਆਣਾ, ਅਪ੍ਰੈਲ 2020-(ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਸੂਬੇ ਭਰ ਵਿੱਚ ਲਗਾਏ ਕਰਫਿਊ/ਲੌਕਡਾਊਨ ਦੌਰਾਨ ਆਮ ਲੋਕਾਂ ਤੱਕ ਲੋੜੀਂਦੀਆਂ ਘਰੇਲੂ ਵਸਤੂਆਂ ਦੀ ਸਪਲਾਈ ਘਰ-ਘਰ ਪਹੁੰਚਾਉਣ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਨਾਂ ਤਹਿਤ ਹੁਣ ਜ਼ਿਲਾ ਲੁਧਿਆਣਾ ਦੇ ਲੋਕ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ 'ਕੋਵਾ ਐਪ' 'ਤੇ ਆਨਲਾਈਨ ਆਰਡਰ ਦੇ ਸਕਦੇ ਹਨ। ਸਮਾਨ ਦੀ ਡਲਿਵਰੀ ਉਨਾਂ ਦੇ ਘਰਾਂ ਵਿੱਚ ਕੀਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਇਸ ਐਪ 'ਤੇ ਜ਼ਿਲਾ ਲੁਧਿਆਣਾ ਦੇ 100 ਤੋਂ ਵਧੇਰੇ ਦੁਕਾਨਦਾਰ, ਜੋ ਕਿ ਘਰ-ਘਰ ਸਮਾਨ ਮੁਹੱਈਆ ਕਰਾਉਣ ਦੇ ਸਮਰੱਥ ਹਨ, ਜੁੜ ਗਏ ਹਨ। ਲੋਕ ਇਸ ਐਪ ਰਾਹੀਂ ਗਰੌਸਰੀ, ਡੇਅਰੀ, ਸਬਜ਼ੀਆਂ, ਫਰੂਟ ਅਤੇ ਦਵਾਈਆਂ ਆਦਿ ਦੀ ਹੋਮ ਡਲਿਵਰੀ ਦੀ ਸਹੂਲਤ ਲੈ ਸਕਦੇ ਹਨ। ਉਨਾਂ ਹੋਰ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਐਪ 'ਤੇ ਆਪਣੇ ਆਪ ਨੂੰ ਰਜਿਸਟਰਡ ਕਰਾਉਣ ਅਤੇ ਇਸ ਔਖੀ ਘੜੀ ਵਿੱਚ ਲੋਕਾਂ ਦਾ ਸਹਿਯੋਗ ਕਰਨ। ਉਨਾਂ ਦੱਸਿਆ ਕਿ ਇਸ ਐਪ 'ਤੇ ਰਜਿਸਟਰੇਸ਼ਨ ਕਰਾਉਣ ਦੀ ਪ੍ਰਕਿਰਿਆ (ਨਾਲ ਅਟੈਚ ਕਰ ਦਿੱਤੀ ਹੈ) ਬਹੁਤ ਹੀ ਸੌਖੀ ਹੈ। ਉਨਾਂ ਕਿਹਾ ਕਿ ਦੁਕਾਨਦਾਰ ਅਤੇ ਆਮ ਲੋਕਾਂ ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ 'ਤੇ ਜਾ ਕੇ 'ਕੋਵਾ' ਐਪ ਡਾਊਨਲੋਡ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਨਾਲ ਲੋਕਾਂ ਨੂੰ ਇਸ ਸਥਿਤੀ ਦੇ ਚੱਲਦਿਆਂ ਲੋੜੀਂਦੀਆਂ ਵਸਤਾਂ ਦੀ ਸਪਲਾਈ ਸੌਖੀ ਹੋ ਜਾਵੇਗੀ। ਇਸ ਨਾਲ ਵੈਂਡਰ ਸੁਚੱਜੇ ਤਰੀਕੇ ਦੇ ਨਾਲ ਈ-ਪਾਸ ਰਾਹੀਂ ਲੋਕਾਂ ਤੱਕ ਸਮਾਨ ਪਹੁੰਚਾ ਸਕਣਗੇ। ਇਸ ਐਪ ਰਾਹੀਂ ਵੈਂਡਰ ਆਪਣੇ ਆਪ ਨੂੰ ਸਪਲਾਇਰ ਵਜੋਂ ਰਜਿਸਟਰੇਸ਼ਨ ਕਰਾ ਸਕਣਗੇ। ਇਸ ਤੋਂ ਇਲਾਵਾ ਉਹ ਡਲਿਵਰੀ ਕਰਨ ਵਾਲੇ ਲੜਕਿਆਂ ਦੀ ਵੀ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਨਾਲ ਲੋਕਾਂ ਨੂੰ ਸਮਾਨ ਨਿਰਧਾਰਤ ਭਾਅ ਮੁਤਾਬਿਕ ਮਿਲਣਾ ਯਕੀਨੀ ਹੋਵੇਗਾ ਅਤੇ ਇਸ ਸਾਰੀ ਪ੍ਰਕਿਰਿਆ 'ਤੇ ਜ਼ਿਲਾ ਪ੍ਰਸਾਸ਼ਨ ਦੀ ਨਿਗਰਾਨੀ ਰਹੇਗੀ। ਉਨਾਂ ਕਿਹਾ ਕਿ ਆਮ ਲੋਕਾਂ ਨੂੰ ਸਿਰਫ਼ ਇਸ ਐਪ 'ਤੇ ਆਪਣੀ ਲੋਕੇਸ਼ਨ ਸ਼ੇਅਰ ਕਰਨੀ ਹੋਵੇਗੀ ਤਾਂ ਉਨਾਂ ਨੂੰ ਆਪਣੇ ਨੇੜਲੇ ਵੈਂਡਰਾਂ ਦੀ ਸੂਚੀ ਪ੍ਰਾਪਤ ਹੋ ਜਾਵੇਗੀ। ਲੋਕ ਆਨਲਾਈਨ ਆਰਡਰ ਦੇ ਕੇ ਸਮਾਨ ਲੈਣ ਵੇਲੇ ਪੈਸੇ ਦੀ ਅਦਾਇਗੀ ਕਰ ਸਕਣਗੇ। ਇਸ ਤੋਂ ਇਲਾਵਾ ਲੋਕ ਇਸ ਐਪ ਰਾਹੀਂ ਮੌਜੂਦਾ ਸਥਿਤੀ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ-ਨਾਲ ਮੈਡੀਕਲ ਅਤੇ ਹੋਰ ਸਹੂਲਤਾਂ ਵੀ ਲੈ ਸਕਦੇ ਹਨ।