ਹੋਲੋਗਰਾਮ ਵਾਲੇ ਟੋਕਨ ਨਾਲ ਹੋਵੇਗੀ ਮੰਡੀ ਵਿੱਚ ਐਂਟਰੀ, ਆੜਤੀਆਂ ਅਤੇ ਲੇਬਰ ਨੂੰ ਦਿੱਤੀ ਜਾਵੇਗੀ ਲੋੜੀਂਦੀ ਸਿਖ਼ਲਾਈ
ਲੁਧਿਆਣਾ, ਅਪ੍ਰੈਲ 2020-(ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਆਗਾਮੀ ਕਣਕ ਦੀ ਖਰੀਦ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਲੋੜੀਂਦੀਆਂ ਹਦਾਇਤਾਂ ਜਾਰੀ ਕਰਦਿਆਂ ਅਗਰਵਾਲ ਨੇ ਕਿਹਾ ਕਿ ਇਸ ਵਾਰ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਤੋਂ ਬਚਾਅ ਕਾਰਜਾਂ ਦੇ ਚੱਲਦਿਆਂ ਕਿਸਾਨ ਮੰਡੀਆਂ ਵਿੱਚ ਆਪਣੀ ਵਾਰੀ ਮੁਤਾਬਿਕ ਹੀ ਆ ਸਕਣਗੇ। ਮੀਟਿੰਗ ਵਿੱਚ ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਅਤੇ ਸ੍ਰੀਮਤੀ ਗੀਤਾ ਬਿਸ਼ੰਭੂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ 'ਤੇ ਜ਼ਿਲਾ ਲੁਧਿਆਣਾ ਵਿੱਚ ਕਰਫਿਊ/ਲੌਕਡਾਊਨ ਜਾਰੀ ਹੈ। ਹਦਾਇਤਾਂ ਦੀ ਪਾਲਣਾ ਹਿੱਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੰਡੀਆਂ ਵਿੱਚ ਕਿਸਾਨਾਂ ਦਾ ਇਕੱਠ ਨਾ ਹੋ ਸਕੇ। ਇਸ ਲਈ ਕਿਸਾਨਾਂ ਨੂੰ ਇਸ ਵਾਰ ਹੋਲੋਗਰਾਮਯੁਕਤ ਟੋਕਨ ਜਾਰੀ ਕੀਤੇ ਜਾਣਗੇ। ਉਸ ਟੋਕਨ ਮੁਤਾਬਿਕ ਹੀ ਉਹ ਆਪਣੀ ਫ਼ਸਲ ਮੰਡੀਆਂ ਵਿੱਚ ਲਿਆ ਸਕਣਗੇ। ਕਿਸਾਨਾਂ ਦੀ ਸ਼ਡਿਊਲ ਮੁਤਾਬਿਕ ਆਮਦ ਸਬੰਧਤ ਆੜਤੀ ਯਕੀਨੀ ਬਣਾਉਣਗੇ। ਅਗਰਵਾਲ ਨੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਕਾਰਜਾਂ ਦੇ ਚੱਲਦਿਆਂ ਜ਼ਿਲਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਮੰਡੀਆਂ ਵਿੱਚ ਸਫਾਈ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਵਿਸ਼ੇਸ਼ ਤੌਰ 'ਤੇ ਕੀਤਾ ਜਾਵੇ। ਉਨਾਂ ਕਿਹਾ ਕਿ ਆੜਤੀਆਂ ਅਤੇ ਲੇਬਰ ਨੂੰ ਹੱਥ ਧੋਣ, ਮਾਸਕ ਲਗਾਉਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਸੈਨੀਟਾਈਜ਼ਰ ਦੀ ਉੱਚਿਤ ਵਰਤੋਂ ਆਦਿ ਬਾਰੇ ਮੰਡੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿਖ਼ਲਾਈ ਦਿੱਤੀ ਜਾਵੇਗੀ। ਲੇਬਰ ਨੂੰ ਉਕਤ ਸਾਰਾ ਸਮਾਨ ਸੰਬੰਧਤ ਆੜਤੀ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਆੜਤੀ ਇਹ ਯਕੀਨੀ ਬਣਾਉਣਗੇ ਕਿ ਕਿਸਾਨਾਂ ਤੇ ਲੇਬਰ ਦੇ ਹਰ ਅੱਧੇ ਘੰਟੇ ਬਾਅਦ ਸਾਬਣ ਨਾਲ ਹੱਥ ਜ਼ਰੂਰ ਧੁਵਾਏ ਜਾਣ। ਅਗਰਵਾਲ ਨੇ ਦੱਸਿਆ ਕਿ ਮੰਡੀਆਂ ਵਿੱਚ ਆੜਤੀ ਅਤੇ ਲੇਬਰ ਦੀ ਆਮਦ ਸੰਬੰਧੀ ਉਨਾਂ ਨੂੰ ਕਰਫਿਊ ਈ-ਪਾਸ ਜਾਰੀ ਕੀਤੇ ਜਾਣਗੇ। ਕੋਈ ਵੀ ਵਿਅਕਤੀ ਇਨਾਂ ਕਰਫਿਊ ਪਾਸਾਂ ਦੇ ਸਿਰ 'ਤੇ ਕਿਤੇ ਹੋਰ (ਘਰ ਜਾਂ ਮੰਡੀ ਤੋਂ ਬਿਨਾਂ) ਘੁੰਮਦਾ ਨਜ਼ਰ ਆਵੇਗਾ ਤਾਂ ਉਸ ਖ਼ਿਲਾਫ਼ ਸਖ਼ਤ ਪੁਲਿਸ ਕਾਰਵਾਈ ਕੀਤੀ ਜਾਵੇਗੀ। ਉਨਾਂ ਜ਼ਿਲਾ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆੜਤੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਬਾਰਦਾਨਾ ਮੁਹੱਈਆ ਕਰਵਾ ਦੇਣ ਤਾਂ ਜੋ ਅੰਤਿਮ ਸਮੇਂ ਬਾਰਦਾਨਾ ਲੈਣ ਲਈ ਕਸ਼ਮਕਸ਼ ਪੈਦਾ ਨਾ ਹੋਵੇ। ਵਿਭਾਗੀ ਅਧਿਕਾਰੀਆਂ ਵੱਲੋਂ ਮਿਲੇ ਅੰਕੜਿਅਂ ਦਾ ਹਵਾਲਾ ਦਿੰਦਿਆਂ ਉਨਾਂ ਕਿਹਾ ਕਿ ਇਸ ਵਾਰ ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿੱਚ 8.51 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ। ਜਿਸ ਲਈ ਜ਼ਿਲਾ ਲੁਧਿਆਣਾ ਵਿੱਚ 103 ਮੰਡੀਆਂ ਮੌਜੂਦ ਹਨ। ਇਸ ਤੋਂ ਇਲਾਵਾ 128 ਸ਼ੈਲਰਾਂ ਨੂੰ ਵੀ ਮੰਡੀ ਵਜੋਂ ਵਰਤਣ ਦਾ ਪ੍ਰਸਤਾਵ ਹੈ। ਸਰਕਾਰੀ ਖਰੀਦ ਦਾ ਸਮਾਂ 15 ਅਪ੍ਰੈੱਲ ਤੋਂ ਲੈ ਕੇ 15 ਜੂਨ, 2020 ਤੱਕ ਰਹੇਗਾ। ਮੀਟਿੰਗ ਦੌਰਾਨ ਆੜਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਸ੍ਰੀ ਰਾਜ ਕੁਮਾਰ ਭੱਲਾ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਖਰੀਦ ਕਾਰਜਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਪੂਰਨ ਸਹਿਯੋਗ ਦੇਣਗੇ।