ਕਰਿਆਨੇ ਦਾ ਸਾਮਾਨ ਘਰੋ-ਘਰੀ ਪਹੁੰਚਾਉਣ ਦੇ ਵੀ ਕੀਤੇ ਜਾ ਰਹੇ ਨੇ ਸੁਚਾਰੂ ਇੰਤਜਾਮ
ਸਬਜ਼ੀਆਂ ਅਤੇ ਫਲਾਂ ਲਈ ਰੇਹੜੀਆਂ ਤੋਂ ਇਲਾਵਾ ਹੋਰ ਛੋਟੇ ਵਾਹਨਾਂ ਦਾ ਕੀਤਾ ਗਿਆ ਪ੍ਰਬੰਧ
ਕਪੂਰਥਲਾ ,ਮਾਰਚ 2020-(ਹਰਜੀਤ ਸਿੰਘ ਵਿਰਕ) -
ਡਿਪਟੀ ਕਮਿਸ਼ਨਟਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਜ਼ਿਲਾ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਜ਼ਿਲਾ ਵਾਸੀਆਂ ਨੂੰ ਕੋਵਿਡ ਤੋਂ ਬਚਾਉਣ ਲਈ ਲਗਾਏ ਗਏ ਕਰਫਿੳੂ ਦੌਰਾਨ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਹਾ ਕਿ ਇਸੇ ਲਈ ਕਰਫਿੳੂ ਦੌਰਾਨ ਵੱਖ-ਵੱਖ ਛੋਟਾਂ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਦਵਾਈਆਂ ਦੀਆਂ ਦੁਕਾਨਾਂ ਨੂੰ ਸਵੇਰੇ 5 ਤੋਂ 8 ਵਜੇ ਤੱਕ ਖੋਲਣ ਦੀ ਛੋਟ ਦਿੱਤੀ ਗਈ ਹੈ ਅਤੇ ਹੁਣ ਇਨਾਂ ਦੀ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਹੋਮ ਡਿਲੀਵਰੀ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਕਰਿਆਨੇ ਦੀ ਹੋਮ ਡਿਲੀਵਰੀ ਵੀ ਦੁਪਹਿਰ 2 ਤੋਂ 6 ਵਜੇ ਤੱਕ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਵਾਰਡ ਅਤੇ ਪਿੰਡ ਵਾਈਜ਼ ਨੰਬਰਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਰੇਹੜੀਆਂ ਰਾਹੀਂ ਸਬਜ਼ੀਆਂ ਅਤੇ ਫਲਾਂ ਦੀ ਸਪਲਾਈ ਲਈ ਦੁਪਹਿਰ 2 ਤੋਂ ਸ਼ਾਮ 6 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ, ਪਰੰਤੂ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਛੋਟੇ ਵਾਹਨ ਵੀ ਸ਼ੁਰੂ ਕੀਤੇ ਗਏ ਹਨ। ਉਨਾਂ ਦੱਸਿਆ ਕਿ ਲੋਕਾਂ ਵਿਚਾਲੇ ਢੁਕਵੀਂ ਦੂਰੀ ਬਣਾਈ ਰੱਖਣ ਲਈ ਡੇਅਰੀਆਂ ਅਤੇ ਦਵਾਈਆਂ ਦੀਆਂ ਦੁਕਾਨਾਂ ਦੇ ਬਾਹਰ ਸਰਕਲ ਲਗਾਏ ਗਏ ਹਨ। ਉਨਾਂ ਇਹ ਵੀ ਦੱਸਿਆ ਕਿ ਜ਼ਿਲੇ ਦੇ ਸਾਰੇ ਏ. ਟੀ. ਐਮ ਸਵੇਰੇ 5 ਤੋਂ ਸਵੇਰੇ 8 ਵਜੇ ਤੱਕ ਖੋਲੇ ਗਏ ਹਨ। ਉਨਾਂ ਦੱਸਿਆ ਕਿ ਇਸੇ ਤਰਾਂ ਸ਼ਹਿਰੀ ਖੇਤਰ ਵਿਚ ਹਰੇਕ ਬੈਂਕ ਦੀ ਇਕ ਬ੍ਰਾਂਚ ਖੁੱਲੀ ਰਹੇਗੀ ਜਦਕਿ ਪੇਂਡੂ ਖੇਤਰ ਵਿਚ ਚਾਰ ਬੈਂਕਾਂ ਦੇ ਕਲੱਸਟਰ ਬਣਾ ਕੇ ਇਨਾਂ ਨੂੰ ਬੁੱਧਵਾਰ ਅਤੇ ਸ਼ੁੱਕਰਵਾਰ ਖੋਲਿਆ ਜਾਵੇਗਾ। ਇਸੇ ਤਰਾਂ ਸਾਰੇ ਪ੍ਰਾਈਵੇਟ ਹਸਪਤਾਲਾਂ ਅਤੇ ਕਲੀਨਿਕਾਂ ਨੂੰ ਐਮਰਜੈਂਸੀ ਲਈ 24 ਘੰਟੇ ਖੁੱਲੇ ਰੱਖਣ ਲਈ ਕਿਹਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲੇ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿਚ ਕਰਫਿੳੂ ਪਾਸ ਦੀ ਸਹੂਲਤ ਆਨਲਾਈਨ ਸ਼ੁਰੂ ਕੀਤੀ ਗਈ ਹੈ ਅਤੇ ਇਸ ਲਈ ਲੋਕਾਂ ਨੂੰ ਦਫ਼ਤਰ ਆਉਣ ਦੀ ਲੋੜ ਨਹੀਂ ਹੈ ਅਤੇ ਉਹ ਆਪਣਾ ਵੇਰਵਾ ਅਤੇ ਮਕਸਦ ਈਮੇਲ ਰਾਹੀਂ ਭੇਜ ਕੇ ਇਹ ਪਾਸ ਜਾਰੀ ਕਰਵਾ ਸਕਦੇ ਹਨ। ਉਨਾਂ ਕਿਹਾ ਕਿ ਫੂਡ ਨਾਲ ਸਬੰਧਤ ਕੋਈ ਵੀ ਪਾਸ ਬਣਾਉਣ ਲਈ ਡੀ. ਐਫ. ਐਸ. ਸੀ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜ਼ਰੂਰੀ ਵਸਤਾਂ ਦੀ ਟ੍ਰਾਂਸਪੋਰਟੇਸ਼ਨ ਲਈ ਕਿਸੇ ਪਾਸ ਦੀ ਲੋੜ ਨਹੀਂ ਹੈ। ਉਨਾਂ ਇਹ ਵੀ ਦੱਸਿਆ ਕਿ ਘਰੇਲੂ ਗੈਸ ਦੀ ਸਪਲਾਈ ਜਿਹੜੀ ਪਹਿਲਾਂ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਹੁੰਦੀ ਸੀ, ਹੁਣ ਸਵੇਰੇ 5 ਤੋਂ ਸਵੇਰੇ 8 ਵਜੇ ਤੱਕ ਵੀ ਹੋਵੇਗੀ। ਉਨਾਂ ਕਿਹਾ ਕਿ ਗਰੀਬ ਤੇ ਲੋੜਵੰਦ ਲੋਕਾਂ ਨੂੰ ਰੈੱਡ ਕਰਾਸ ਰਾਹੀਂ ਰਾਸ਼ਨ ਦੀਆਂ ਮੁਫ਼ਤ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਅੱਜ ਸਮੂਹ ਸਬ-ਡਵੀਜ਼ਨਾਂ ਵਿਚ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ ਹੈ ਅਤੇ ਇਹ ਸਿਲਸਿਲਾ ਲਗਾਤਾਰ ਚੱਲੇਗਾ। ਇਸੇ ਤਰਾਂ ਗਰੀਬਾਂ ਨੂੰ ਤਿਆਰ ਕੀਤਾ ਭੋਜਨ ਮੁਹੱਈਆ ਕਰਵਾਉਣ ਦਾ ਵੀ ਉਪਰਾਲਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਲੋਕਾਂ ਦੀ ਸਹੂਲਤ ਲਈ ਜ਼ਿਲਾ ਅਤੇ ਸਬ-ਡਵੀਜ਼ਨ ਪੱਧਰ ’ਤੇ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਸੇ ਤਰਾਂ 60 ਸਾਲ ਜਾਂ ਇਸ ਤੋਂ ਉੱਪਰ ਦੇ ਲੋਕਾਂ ਨੂੰ ਜ਼ਰੂਰੀ ਸਾਮਾਨ ਅਤੇ ਦਵਾਈਆਂ ਆਦਿ ਘਰਾਂ ਵਿਚ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲੇ ਦੇ ਸਮੂਹ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ ਸੈਨੀਟਾਈਜ਼ ਕਰਨ ਦੀ ਵਿਸ਼ਾਲ ਮੁਹਿੰਮ ਵਿੱਢੀ ਗਈ ਹੈ। ਉਨਾਂ ਦੱਸਿਆ ਕਿ ਸ਼ਹਿਰੀ ਖੇਤਰ ਵਿਚ ਸੈਨੀਟਾਈਜ਼ ਦਾ 40 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਇਸ ਨੂੰ ਹਫ਼ਤੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਇਸੇ ਤਰਾਂ ਪਿੰਡਾਂ ਵਿਚ ਵੀ ਇਹ ਕੰਮ 10 ਦਿਨਾਂ ਵਿਚ ਪੂਰਾ ਹੋ ਜਾਵੇਗਾ। ਉਨਾਂ ਕਿਹਾ ਕਿ ਜ਼ਿਲੇ ਵਿਚ ਕਿਸੇ ਵੀ ਕਿਸਮ ਦੀ ਕਾਲਾਬਾਜ਼ਾਰੀ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਇਸ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਕਿਹਾ ਕਿ ਕਰਫਿੳੂ ਦੌਰਾਨ ਜ਼ਿਲਾ ਵਾਸੀਆਂ ਨੂੰ ਸਾਰੀਆਂ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਲੀ ਪ੍ਰਸ਼ਾਸਨ ਪੂਰੀ ਤਰਾਂ ਨਾਲ ਵਚਨਬੱਧ ਹੈ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਕੰਮ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਘਰਾਂ ਵਿਚ ਹੀ ਰਹਿਣਾ ਯਕੀਨੀ ਬਣਾਉਣ।
ਫੋਟੋ :- ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।