You are here

ਸੜਕੀ ਨਿਯਮਾਂ ਦੀ ਪਾਲਣਾ

ਸੜਕ ਹਾਦਸੇ ਰੋਜਾਨਾਂ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ ਅਤੇ ਇਹਨਾਂ ਹਾਦਸਿਆਂ ਪਿੱਛੇ ਸਿੱਧੇ ਤੌਰ ਤੇ ਲੋਕਾਂ ਦੀ ਯਾਤਾਯਾਤ ਨਿਯਮਾਂ ਸੰਬੰਧੀ ਵਰਤੀ ਜਾਂਦੀ ਅਣਗਹਿਲੀ ਅਤੇ ਪ੍ਰਸ਼ਾਸਨ ਦੀ ਵਰਤੀ ਜਾਂਦੀ ਢਿੱਲ ਜਿੰਮੇਵਾਰ ਹੈ। ਪੰਜਾਬ ਵਿੱਚ ਸਿਰੋਂ ਨੰਗੇ ਲੋਕਾਂ ਨੂੰ ਦੋ-ਪਹੀਆ ਵਾਹਨਾਂ ਨੂੰ ਬਿਨ੍ਹਾਂ ਹੈਲਮੈੱਟ ਚਲਾਉਂਦੇ ਆਮ ਵੇਖਿਆ ਜਾਂਦਾ ਹੈ ਅਤੇ ਸੂਬੇ ਵਿੱਚ ਪੁਲਿਸ ਪ੍ਰਸ਼ਾਸਨ ਤਰਫੋਂ ਵੀ ਹੈਲਮੈੱਟ ਦਾ ਚਾਲਾਨ ਨਾ-ਮਾਤਰ ਹੀ ਹੁੰਦਾ ਹੈ। ਇਹ ਵੀ ਕੋਈ ਅੱਤਕੱਥਨੀ ਨਹੀਂ ਕਿ ਸੜਕਾਂ ਉੱਤੇ ਵਾਹਨਾਂ ਨੂੰ ਚਲਾ ਰਹੇ ਲੋਕ ਬਹੁਤੇ ਆਵਾਜਾਈ ਦੇ ਨਿਯਮਾਂ ਤੋਂ ਅਣਜਾਣ ਹੀ ਹੁੰਦੇ ਹਨ ਅਤੇ ਪਿੰਡਾਂ ਸ਼ਹਿਰਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਵਾਹਨ ਚਲਾਉਂਦੇ ਆਮ ਨਜਰੀਂ ਪੈ ਜਾਂਦੇ ਹਨ। ਸੜਕੀ ਹਾਦਸਿਆਂ ਤੋਂ ਬਚਾਅ ਅਤੇ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਬਣਾਈ ਰੱਖਣ ਲਈ ਯਾਤਾਯਾਤ ਦੇ ਨਿਯਮ ਬਣਾਏ ਗਏ ਹਨ। ਇਹ ਨਿਯਮ ਹਰ ਵਿਅਕਤੀ ਦੁਆਰਾ ਪਾਲਣਾ ਕਰਨ ਲਈ ਹੁੰਦੇ ਹਨ ਜੋ ਸੜਕਾਂ ਤੇ ਚਲਦੇ ਹਨ ਅਤੇ ਟ੍ਰੈਫਿਕ ਦਾ ਹਿੱਸਾ ਬਣਦੇ ਹਨ। ਸੜਕੀ ਨਿਯਮਾਂ ਦੀ ਪਾਲਣਾ ਦੂਜਿਆਂ ਦੇ ਨਾਲ ਨਾਲ ਸਾਡੀ ਆਪਣੀ ਜਾਨ ਦੀ ਸੁਰੱਖਿਆ ਲਈ ਜਰੂਰੀ ਹੈ। ਸੜਕੀ ਨਿਯਮਾਂ ਨੂੰ ਅਣਗੋਲਿਆਂ ਕਰਨ ਤੇ ਆਪਣੀ ਜਾਨ ਦੇ ਨਾਲ ਨਾਲ ਦੂਜੇ ਵਿਅਕਤੀਆਂ ਲਈ ਵੀ ਅਸੀਂ ਖਤਰਾ ਬਣ ਜਾਂਦੇ ਹਾਂ। ਸਰਦੀਆਂ ਦਾ ਸਮਾਂ ਚੱਲ ਰਿਹਾ ਹੈ ਅਤੇ ਧੁੰਦ ਕਾਰਨ ਵਿਜੀਵਿਲਿਟੀ ਉਂਝ ਹੀ ਘੱਟ ਹੋ ਜਾਂਦੀ ਹੈ ਸੋ ਆਵਾਯਾਈ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਸੁਰੱਖਿਅਤ ਸਫਰ ਕੀਤਾ ਜਾ ਸਕੇ। ਯਾਤਾਯਾਤ ਦੇ ਹੋਰ ਨਿਯਮਾਂ ਦੇ ਨਾਲ ਨਾਲ ਹਾਰਨਾਂ ਦੀ ਢੁੱਕਵੀਂ ਵਰਤੋਂ, ਗੱਡੀਆਂ ਵਿੱਚ ਸੀਟ ਬੈਲਟਾਂ ਦੀ ਵਰਤੋਂ, ਚੌਂਕਾਂ ਵਿੱਚ ਲੱਗੀਆਂ ਬੱਤੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਪੈਦਲ ਚੱਲਦੇ ਸਮੇਂ ਜੈਬਰਾ ਕਰਾਸਿੰਗ ਤੋਂ ਮੁੱਖ ਸੜਕਾਂ ਨੂੰ ਪਾਰ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਹੋਰ ਥਾਂ ਤੋਂ ਸੜਕ ਪਾਰ ਕਰਨਾ ਦੁਰਘਟਨਾ ਨੂੰ ਸਿੱਧਾ ਸੱਦਾ ਸਾਬਤ ਹੋ ਸਕਦੀ ਹੈ। ਸਮਾਜ ਵਿੱਚ ਸਵੈ ਅਨੁਸ਼ਾਸਨ ਅਤੇ ਜਿੰਮੇਵਾਰ ਨਾਗਰਿਕਾਂ ਦੀ ਭਾਰੀ ਘਾਟ ਰੜਕਦੀ ਹੈ ਅਤੇ ਸੜਕੀ ਨਿਯਮਾਂ ਸੰਬੰਧੀ ਅਣਗਹਿਲੀ ਲੋਕਾਂ ਦੇ ਸੁਭਾਅ ਦਾ ਹਿੱਸਾ ਬਣ ਗਈ ਹੈ ਪਰੰਤੂ ਜਿੱਥੇ ਸਖਤੀ ਹੁੰਦੀ ਹੈ ਉੱਥੇ ਇਹ ਤੀਰ ਵਾਂਗੂੰ ਸਿੱਧੇ ਹੋ ਜਾਂਦੇ ਹਨ ਉਦਾਹਰਨ ਲਈ, “ਚੰਡੀਗੜ ਵਿੱਚ ਪ੍ਰਸ਼ਾਸਨਿਕ ਸਖਤੀ ਦੇ ਚੱਲਦਿਆਂ ਆਪਣੇ ਵਾਹਨਾਂ ਨੂੰ ਚੰਡੀਗੜ ਦੇ ਖੇਤਰ ਵਿੱਚ ਲੈ ਕੇ ਜਾਂਦਿਆਂ ਹੀ ਇੱਕ ਦਮ ਜਿਆਦਾਤਰ ਲੋਕ ਯਾਤਾਯਾਤ ਦੇ ਨਿਯਮਾਂ ਦੀ ਪਾਲਣਾ ਕਰਨ ਲੱਗ ਜਾਂਦੇ ਹਨ ਅਤੇ ਪੰਜਾਬ ਵਿੱਚ ਉਹੀ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਰੱਖਦੇ ਹਨ।” ਸੁਰੱਖਿਅਤ ਸਫਰ ਅਤੇ ਸੁਚੱਜੀ ਆਵਾਜਾਈ ਲਈ ਯਾਤਾਯਾਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜਰੂਰੀ ਹੈ ਕਿ ਹੋਰ ਲੋੜੀਂਦੇ ਸੁਧਾਰਾਂ ਦੇ ਨਾਲ ਨਾਲ ਲੋਕਾਂ ਵਿੱਚ ਨਿਯਮ ਪਾਲਣਾਂ ਸੰਬੰਧੀ ਜਾਗਰੂਕਤਾ ਪੈਦਾ ਕੀਤੀ ਜਾਵੇ ਅਤੇ ਪ੍ਰਸ਼ਾਸਨ ਤਰਫੋਂ ਵਰਤੀ ਜਾਂਦੀ ਢਿੱਲ ਦੀ ਥਾਂ ਪੂਰੀ ਸਖਤੀ ਨੂੰ ਲਾਗੂ ਕੀਤਾ ਜਾਵੇ, ਇਹੀ ਸਮਾਜ ਅਤੇ ਲੋਕਾਂ ਦੇ ਹਿੱਤ ਵਿੱਚ ਹੈ।

ਗੋਬਿੰਦਰ ਸਿੰਘ ਬਰੜ੍ਹਵਾਲ
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
ਈਮੇਲ : bardwal.gobinder@gmail.com