You are here

ਸ਼ਾਂਤੀ ਮਾਰਚ ’ਚ ਲੱਗੇ ‘ਗੋਲੀ ਮਾਰੋ’ ਦੇ ਨਾਅਰੇ

ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਹਿੰਸਾ ਦੀ ਜਾਂਚ ਲਈ ਟੀਮ ਦਾ ਗਠਨ:

ਨਵੀਂ ਦਿੱਲੀ, ਮਾਰਚ 2020 -(ਏਜੰਸੀ)-  

ਰਾਜਧਾਨੀ ’ਚ ਫਿਰਕੂ ਹਿੰਸਾ ਤੋਂ ਪਹਿਲਾਂ ਭੜਕਾਊਣ ਵਾਲੀਆਂ ਤਕਰੀਰਾਂ ਕਰਨ ਦੇ ਦੋਸ਼ਾਂ ਹੇਠ ਘਿਰੇ ਭਾਜਪਾ ਆਗੂ ਕਪਿਲ ਮਿਸ਼ਰਾ ਅਤੇ ਹਿੰਸਾ ਦਾ ਸ਼ਿਕਾਰ ਬਣੇ ਕੁਝ ਪਰਿਵਾਰਾਂ ਵੱਲੋਂ ਅੱਜ ‘ਜਹਾਦੀ ਅਤਿਵਾਦ ਖ਼ਿਲਾਫ਼ ਮਾਰਚ’ ’ਚ ਸ਼ਮੂਲੀਅਤ ਕੀਤੀ ਗਈ ਜਿਥੇ ਕੁਝ ਵਿਅਕਤੀਆਂ ਨੇ ‘ਗੋਲੀ ਮਾਰੋ ਗੱਦਾਰੋਂ ਕੋ’ ਦੇ ਨਾਅਰੇ ਵੀ ਲਗਾਏ। ਗ਼ੈਰ ਸਰਕਾਰੀ ਸੰਸਥਾ ਦਿੱਲੀ ਪੀਸ ਫੋਰਮ ਵੱਲੋਂ ਕੱਢੇ ਗਏ ‘ਸ਼ਾਂਤੀ ਮਾਰਚ’ ਦੌਰਾਨ ਮਿਸ਼ਰਾ ਨਾ ਤਾਂ ਨਾਅਰੇਬਾਜ਼ੀ ’ਚ ਸ਼ਾਮਲ ਹੋਏ ਅਤੇ ਨਾ ਹੀ ਉਨ੍ਹਾਂ ਇਕੱਠ ਨੂੰ ਸੰਬੋਧਨ ਕੀਤਾ। ਉਂਜ ਉਨ੍ਹਾਂ ਟਵੀਟ ਕਰਕੇ ਲੋਕਾਂ ਨੂੰ ਪ੍ਰਦਰਸ਼ਨ ’ਚ ਸ਼ਾਮਲ ਹੋਣ ਲਈ ਕਿਹਾ ਸੀ। ਉਨ੍ਹਾਂ ਮਾਰਚ ਦੇ ਵੀਡੀਓ ਵੀ ਪੋਸਟ ਕੀਤੇ ਸਨ ਅਤੇ ਕਿਹਾ ‘ਤੁਸੀਂ ਜਿਨ੍ਹਾਂ ਮਰਜ਼ੀ ਝੂਠ ਫੈਲਾਉਂਦੇ ਰਹੇ ਪਰ ਲੋਕ ਸਚਾਈ ਜਾਣਦੇ ਹਨ।’

ਜੰਤਰ-ਮੰਤਰ ਤੋਂ ਮਾਰਚ ਸ਼ੁਰੂ ਹੋਣ ਸਮੇਂ ਇਕੱਠੇ ਹੋਏ ਸੈਂਕੜੇ ਲੋਕਾਂ ਨੇ ‘ਜੈ ਸ੍ਰੀ ਰਾਮ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਵੀ ਗੂੰਜਾਏ। ਉਨ੍ਹਾਂ ਹੱਥਾਂ ’ਚ ਤਿਰੰਗੇ ਫੜੇ ਹੋਏ ਸਨ। ਮਾਰਚ ਜਦੋਂ ਕਨਾਟ ਪਲੇਸ ’ਚੋਂ ਗੁਜ਼ਰ ਰਿਹਾ ਸੀ ਤਾਂ ‘ਗੋਲੀ ਮਾਰੋ ਗੱਦਾਰੋਂ ਕੋ’ ਦੇ ਨਾਅਰੇ ਲਗਾਏ ਗਏ। ਇਸ ਤੋਂ ਪਹਿਲਾਂ ਭਗਵਾਂ ਟੀ-ਸ਼ਰਟਾਂ ਅਤੇ ਕੁੜਤੇ ਪਹਿਨੇ ਹੋਏ ਕੁਝ ਨੌਜਵਾਨਾਂ ਨੇ ਦਿੱਲੀ ਮੈਟਰੋ ਦੀ ਬਲੂ ਲਾਈਨ ਟਰੇਨ ਅਤੇ ਰਾਜੀਵ ਚੌਕ ਮੈਟਰੋ ਸਟੇਸ਼ਨ ’ਤੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਪੱਖ ’ਚ ਅਤੇ ‘ਗੋਲੀ ਮਾਰੋ ਗੱਦਾਰੋਂ ਕੋ’ ਦੇ ਨਾਅਰੇ ਲਗਾਏ। ਦਿੱਲੀ ਮੈਟਰੋ ’ਤੇ ਤਾਇਨਾਤ ਸੀਆਈਐੱਸਐੱਫ ਨੇ ਕਿਹਾ ਕਿ ਉਨ੍ਹਾਂ ਵਿਵਾਦਤ ਨਾਅਰੇ ਲਗਾਉਣ ਵਾਲੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੂੰ ਦਿੱਲੀ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਸ਼ਾਂਤੀ ਮਾਰਚ ਦੇ ਪ੍ਰਬੰਧਕਾਂ ਨੇ ਫਿਰਕੂ ਹਿੰਸਾ ਦੌਰਾਨ ਮਾਰੇ ਗਏ ਹੈੱਡ ਕਾਂਸਟੇਬਲ ਰਤਨ ਲਾਲ ਅਤੇ ਖ਼ੁਫ਼ੀਆ ਬਿਊਰੋ ਦੇ ਅਧਿਕਾਰੀ ਅੰਕਿਤ ਸ਼ਰਮਾ ਨੂੰ ਸ਼ਰਧਾਂਜਲੀਆਂ ਦਿੱਤੀਆਂ। ਇਕ ਵਿਅਕਤੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਭਰਾ ਦਿਨੇਸ਼ ਕੁਮਾਰ ਖਟੀਕ ਨੂੰ 25 ਫਰਵਰੀ ਨੂੰ ਗੋਲੀ ਮਾਰ ਦਿੱਤੀ ਗਈ ਸੀ ਜਦੋਂ ਉਹ ਇਹ ਦੇਖਣ ਲਈ ਗਿਆ ਸੀ ਕਿ ਦੁਕਾਨਾਂ ਖੁੱਲ੍ਹੀਆਂ ਹਨ ਜਾਂ ਬੰਦ ਹਨ। ਆਲੋਕ ਤਿਵਾੜੀ ਦੇ ਰਿਸ਼ਤੇਦਾਰ ਸੁਮਿਤ ਨੇ ਦੱਸਿਆ ਕਿ ਉਹ ਜਦੋਂ ਕਰਾਵਲ ਨਗਰ ਫੈਕਟਰੀ ’ਤੋਂ ਘਰ ਪਰਤ ਰਿਹਾ ਸੀ ਤਾਂ ਉਸ ਦੇ ਸਿਰ ’ਚ ਗੋਲੀ ਮਾਰ ਦਿੱਤੀ ਗਈ। ‘ਉਸ ਦੀ ਸਿਰਫ਼ ਇੰਨੀ ਗਲਤੀ ਸੀ ਕਿ ਉਹ ਬੱਚਿਆਂ ਵਾਸਤੇ ਫਲ ਖ਼ਰੀਦਣ ਲਈ ਰੁਕ ਗਿਆ ਸੀ।’ ਹੋਰ ਬੁਲਾਰਿਆਂ ਨੇ ਕਿਹਾ ਕਿ ਫਿਰਕੂ ਦੰਗੇ ‘ਸੋਚੀ-ਸਮਝੀ ਸਾਜ਼ਿਸ਼’ ਸਨ ਅਤੇ ‘ਹਿੰਦੂਆਂ ਨੂੰ ਉਚੇਚੇ ਤੌਰ ’ਤੇ ਨਿਸ਼ਾਨਾ’ ਬਣਾਇਆ ਗਿਆ।

ਬੁਲਾਰੇ ਲੈਫ਼ਟੀਨੈਂਟ ਜਨਰਲ ਕੋਹਲੀ ਨੇ ਕਿਹਾ ਕਿ ਅਜਿਹਾ ਪੁਲੀਸ ਦਾ ਮਨੋਬਲ ਡੇਗਣ ਲਈ ਕੀਤਾ ਗਿਆ ਹੈ। ‘ਸਾਨੂੰ ਜਾਗਰੂਕ ਨਾਗਰਿਕ ਬਣ ਕੇ ਉਨ੍ਹਾਂ ਅਨਸਰਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ ਜੋ ਅਜਿਹੇ ਹਮਲਿਆਂ ਲਈ ਜ਼ਿੰਮੇਵਾਰ ਹਨ।’ ਲੈਫ਼ਟੀਨੈਂਟ ਜਨਰਲ ਵਿਜੈ ਚਤੁਰਵੇਦੀ ਨੇ ਕਿਹਾ ਕਿ ਦੰਗਾਕਾਰੀ ਸਿਖਲਾਈ ਪ੍ਰਾਪਤ ਸਨ ਅਤੇ ਉਨ੍ਹਾਂ ਕੋਲ ਅੱਗਜ਼ਨੀ ਦਾ ਸਾਰਾ ਸਾਮਾਨ ਮੌਜੂਦ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕਾਰਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੌਰੇ ਮੌਕੇ ਉਚੇਚੇ ਤੌਰ ’ਤੇ ਕੀਤਾ ਗਿਆ।

ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਹਿੰਸਾ ਦੀ ਜਾਂਚ ਲਈ ਟੀਮ ਦਾ ਗਠਨ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਉੱਤਰ-ਪੂਰਬੀ ਦਿੱਲੀ ’ਚ ਫਿਰਕੂ ਹਿੰਸਾ ਦੇ ਕੇਸਾਂ ਦੀ ਜਾਂਚ ਲਈ ਤੱਥ ਖੋਜੀ ਟੀਮ ਬਣਾਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਟੀਮ ਹਿੰਸਾ ਦੇ ਕੇਸਾਂ ਦੀ ਜਾਂਚ ਕਰੇਗੀ।