ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਰਾਜ ਮੰਤਰੀ ਨੇ ਕੀਤਾ ਉਦਘਾਟਨ
ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਲਾਡੋਵਾਲ ਸਥਿਤ ਗੁਰ ਕ੍ਰਿਪਾ ਮੈਗਾ ਫੂਡ ਪਾਰਕ ਵਿਖੇ ਮੈਸਰਜ਼ ਗੋਦਰੇਜ ਟਾਈਸਲ ਫੂਡਜ਼ ਲਿਮਿਟਡ ਅਤੇ ਮੈਸਰਜ਼ ਇਸਕੋਨ ਬਾਲਾਜੀ ਫੂਡਜ਼ ਪ੍ਰਾਈਵੇਟ ਲਿਮਿਟਡ ਯੂਨਿਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਰਾਜ ਮੰਤਰੀ ਸ੍ਰੀ ਰਮੇਸ਼ਵਰ ਤੇਲੀ ਅਤੇ ਹੋਰ ਅਧਿਕਾਰੀ ਵੀ ਨਾਲ ਹਾਜ਼ਰ ਸਨ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਗੁਰ ਕ੍ਰਿਪਾ ਮੈਗਾ ਫੂਡ ਪਾਰਕ ਅਤੇ ਇਸ ਦੇ ਫੂਡ ਪ੍ਰੋਸੈਸਿੰਗ ਯੂਨਿਟਾਂ ਦੇ ਚੱਲਣ ਨਾਲ ਲੁਧਿਆਣਾ ਅਤੇ ਨਾਲ ਲੱਗਦੇ ਕਈ ਜ਼ਿਲਿਆਂ ਦੇ ਲੋਕਾਂ ਨੂੰ ਭਾਰੀ ਲਾਭ ਮਿਲੇਗਾ। ਉਨਾਂ ਕਿਹਾ ਕਿ ਇਹ ਸਾਰੇ ਯੂਨਿਟ 95.31 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਜਾ ਚੁੱਕੇ ਹਨ। ਇਸ ਨਾਲ 7200 ਮੀਟਰਕ ਟਨ ਆਲੂਆਂ ਅਤੇ 5700 ਮੀਟਰਕ ਟਨ ਫਰੋਜ਼ਨ ਫੂਡ ਦਾ ਸਾਲਾਨਾ ਪ੍ਰਜਣਨ ਹੋ ਸਕੇਗਾ। ਇਨਾਂ ਯੂਨਿਟਾਂ ਦੇ ਚੱਲਣ ਨਾਲ 950 ਤੋਂ ਵਧੇਰੇ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੁਜ਼ਗਾਰ ਦੇ ਮੌਕੇ ਮਿਲਣਗੇ। ਸ੍ਰੀਮਤੀ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਇਨਾਂ ਯੂਨਿਟਾਂ ਨੂੰ ਸਥਾਪਤ ਕਰਨ ਵਿੱਚ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਫੂਡ ਪ੍ਰੋਸੈਸਿੰਗ ਸਨਅਤਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਖੇਤੀਬਾੜੀ ਖੇਤਰ ਨੂੰ ਪ੍ਰਫੁੱਲਿਤ ਹੋਣ ਵਿੱਚ ਸਹਾਈ ਹੋਵੇ ਅਤੇ ਕਿਸਾਨਾਂ ਦੀ ਆਰਥਿਕਤਾ ਨੂੰ ਦੁੱਗਣਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਨਾਂ ਵਿਅਕਤੀਗਤ ਯੂਨਿਟਾਂ ਵੱਲੋਂ ਪੋਸਟ ਹਾਰਵੈਸਟਿੰਗ ਫੂਡ ਪ੍ਰਜਣਨ ਗਤੀਵਿਧੀਆਂ ਨੂੰ ਵੱਡੇ ਪੱਧਰ 'ਤੇ ਕਵਰ ਕੀਤਾ ਜਾਵੇਗਾ।