ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵੱਲੋਂ ਕਾਰਜ ਪ੍ਰਣਾਲੀ ਦੀ ਸਮੀਖਿਆ ਕਰਦੇ ਹੋਏ ਜ਼ਿਲਾ ਲੁਧਿਆਣਾ ਦੇ ਨਿਯੋਜਕਾਂ ਨੂੰ ਕੰਪਲਸਰੀ ਨੋਟੀਫਿਕੇਸ਼ਨ ਆਫ਼ ਵਕੈਸੀਜ਼ ਐਕਟ 1959 ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਇਸ ਐਕਟ ਅਧੀਨ 25 ਜਾਂ ਵੱਧ ਕਰਮਚਾਰੀਆਂ ਵਾਲੇ ਅਦਾਰਿਆਂ ਲਈ ਆਪਣੀਆਂ ਆਸਾਮੀਆਂ ਬਾਰੇ ਫਾਰਮ ਉੱਤੇ ਭਰ ਕੇ ਰੋਜ਼ਗਾਰ ਬਿਊਰੋ ਲੁਧਿਆਣਾ ਵਿਖੇ ਨੋਟੀਫਾਈ ਕਰਵਾਉਣਾ ਲਾਜ਼ਮੀ ਹੈ।ਇਸੇ ਤਰਾਂ ਸਾਰੇ ਨਿਯੋਜਕਾਂ ਵੱਲੋਂ ਆਪਣੇ ਅਦਾਰਿਆਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਸਬੰਧੀ ਤਿਮਾਹੀ ਰਿਟਰਨ ਵੀ ਪ੍ਰੋਫਾਰਮੇ ਵਿੱਚ ਭਰ ਕੇ ਤਿਮਾਹੀ ਅੰਤ ਤੱਕ ਦੇਣਾ ਲਾਜ਼ਮੀ ਹੈ। ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਇਸ ਕਾਰਵਾਈ ਦਾ ਮੰਤਵ ਸਰਕਾਰ ਨੂੰ ਸਮੇਂ ਸਿਰ ਅਦਾਰਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਵਾਉਣਾ ਅਤੇ ਅਦਾਰਿਆਂ ਨੂੰ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਲੋੜੀਂਦੇ ਯੋਗ ਉਮੀਦਵਾਰ ਮੁਹੱਈਆ ਕਰਵਾਉਣਾ ਹੈ। ਉਹਨਾਂ ਵੱਲੋਂ ਸਾਰੇ ਅਦਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਉਕਤ ਜਾਣਕਾਰੀ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਿਖੇ ਜਮਾਂ ਕਰਵਾਇਆ ਕਰਨ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ, ਲੁਧਿਆਣਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।