You are here

ਵਿਧਾਇਕ ਸਿਮਰਜੀਤ ਬੈਂਸ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਪਟਿਆਲਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਇਥੋਂ ਦੀ ਅਦਾਲਤ ਨੇ ਮਾਣਹਾਨੀ ਦੇ ਕੇਸ ਵਿਚ ਲੋਕ ਇਨਸਾਫ਼ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਹ ਕੇਸ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਡੇਢ ਸਾਲ ਪਹਿਲਾਂ ਦਰਜ ਕਰਵਾਇਆ ਸੀ। ਇਸ ਕੇਸ ਦੀ ਅਗਲੀ ਸੁਣਵਾਈ 6 ਮਾਰਚ ਨਿਰਧਾਰਿਤ ਕਰਦਿਆਂ ਪਟਿਆਲਾ ਪੁਲੀਸ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਦਿਨ ਵਿਧਾਇਕ ਦੀ ਅਦਾਲਤ ਵਿਚ ਹਾਜ਼ਰੀ ਯਕੀਨੀ ਬਣਾਈ ਜਾਵੇ।
ਜ਼ਿਕਰਯੋਗ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਾਲ 2018 ਵਿਚ ਜਦੋਂ ਸਿਹਤ ਮੰਤਰੀ ਸਨ ਤਾਂ ਵਿਧਾਇਕ ਸਿਮਰਜੀਤ ਬੈਂਸ ਵੱਲੋਂ ਦੋਸ਼ ਲਾਏ ਗਏ ਸਨ ਕਿ ਬ੍ਰਹਮ ਮਹਿੰਦਰਾ ਨਸ਼ਾ ਛਡਾਊ ਕੇਂਦਰਾਂ ਦੇ ਸੰਚਾਲਕਾਂ ਨੂੰ ਇੱਕ ਵਿਸ਼ੇਸ਼ ਕੰਪਨੀ ਦੀਆਂ ਹੀ ਦਵਾਈਆਂ ਮੰਗਵਾਉਣ ਲਈ ਮਜਬੂਰ ਕਰ ਰਹੇ ਹਨ। ਇਹ ਮਾਮਲਾ ਰਾਜਸੀ ਗਲਿਆਰਿਆਂ ’ਚ ਚਰਚਾ ਦਾ ਵਿਸ਼ਾ ਬਣਿਆ ਸੀ। ਇਸ ਤੋਂ ਬਾਅਦ ਮੰਤਰੀ ਨੇ ਵਿਧਾਇਕ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਸੀ ਕਿ ਜੇ ਉਸ ਨੇ ਮੁਆਫ਼ੀ ਨਾ ਮੰਗੀ ਤਾਂ ਉਹ ਮਾਣਹਾਨੀ ਦਾ ਕੇਸ ਦਾਇਰ ਕਰਨਗੇ ਪਰ ਵਿਧਾਇਕ ਬੈਂਸ ਨੇ ਕੋਈ ਪ੍ਰਵਾਹ ਨਾ ਕੀਤੀ ਜਿਸ ਤਹਿਤ ਹੀ ਬ੍ਰਹਮ ਮਹਿੰਦਰਾ ਵੱਲੋਂ ਪਹਿਲੀ ਅਗਸਤ 2018 ਨੂੰ ਆਪਣੇ ਵਕੀਲ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਰਾਹੀਂ ਵਿਧਾਇਕ ਬੈਂਸ ਖ਼ਿਲਾਫ਼ ਧਾਰਾ 499 ਅਤੇ 500 ਤਹਿਤ ਮਾਣਹਾਨੀ ਦਾ ਇਹ ਫੌਜਦਾਰੀ ਕੇਸ ਦਾਇਰ ਕੀਤਾ ਗਿਆ ਸੀ ਜਿਸ ਦੌਰਾਨ ਮੰਤਰੀ ਨੇ ਤਰਕ ਦਿੱਤਾ ਸੀ ਕਿ ਵਿਧਾਇਕ ਨੇ ਅਜਿਹੇ ਮਨਘੜਤ ਦੋਸ਼ ਲਾ ਕੇ ਉਸ ਦੀ ਸਾਫ਼ ਸੁਥਰੀ ਦਿੱਖ ਵਾਲ਼ੇ ਰਾਜਸੀ ਜੀਵਨ ’ਤੇ ਕਾਲਖ ਪੋਚਣ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧੀ ਸ੍ਰੀ ਮਹਿੰਦਰਾ ਦੇ ਬਿਆਨਾਂ ਮਗਰੋਂ ਜੁਲਾਈ 2019 ’ਚ ਗਵਾਹੀਆਂ ਦੀ ਪ੍ਰਕਿਰਿਆ ਵੀ ਮੁਕੰਮਲ ਹੋਣ ’ਤੇ ਅਦਾਲਤ ਨੇ 2 ਅਗਸਤ 2019 ਨੂੰ ਸੰਮਨ ਜਾਰੀ ਕਰਕੇ ਬੈਂਸ ਨੂੰ 2 ਸਤੰਬਰ ਲਈ ਅਦਾਲਤ ’ਚ ਪੇਸ਼ ਹੋਣ ਦੀ ਤਾਕੀਦ ਕੀਤੀ ਸੀ। ਫੇਰ ਹੋਰ ਸੰਮਨ ’ਤੇ ਜ਼ਮਾਨਤੀ ਵਾਰੰਟ ਵੀ ਜਾਰੀ ਹੋਏ ਪਰ ਬੈਂਸ ਨਾ ਪੁੱਜੇ। ਇਸ ਦੇ ਚੱਲਦਿਆਂ ਤਾਜ਼ਾ ਸੁਣਵਾਈ ਦੌਰਾਨ ਪਟਿਆਲਾ ਦੇ ਜੇ.ਐਮ.ਆਈ.ਸੀ ਨਿਧੀ ਸੈਣੀ ਦੀ ਅਦਾਲਤ ਨੇ ਥਾਣਾ ਸਿਵਲ ਲਾਈਨ ਪਟਿਆਲਾ ਦੇ ਐਸਐਚਓ ਰਾਹੀਂ ਵਿਧਾਇਕ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਉਸ ਨੂੰ 6 ਮਾਰਚ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਹਦਾਇਤ ਕੀਤੀ ਹੈ।