You are here

ਵਿਜੇ ਮਾਲਿਆ ਨੇ ਸੀ. ਬੀ. ਆਈ.ਤੇ ਈ. ਡੀ. ਵਲੋਂ ਉਸ ਿਖ਼ਲਾਫ਼ ਕੀਤੀ ਜਾ ਰਹੀ ਕਾਰਵਾਈ ਨੂੰ ਬੇਬੁਨਿਆਦ ਦੱਸਿਆ

ਲੰਡਨ, ਫ਼ਰਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-

ਕਾਰੋਬਾਰੀ ਵਿਜੈ ਮਾਲਿਆ ਨੇ ਦਾਅਵਾ ਕੀਤਾ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਸੀਬੀਆਈ ਨੇ ਪਿਛਲੇ ਚਾਰ ਸਾਲਾਂ ਵਿੱਚ ਉਸ ਨਾਲ ਅਣਉਚਿਤ ਵਰਤਾਰਾ ਕੀਤਾ ਹੈ। ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮਾਲਕ ਵਿਜੈ ਮਾਲਿਆ (64) ਨੇ ਬੈਂਕ ਨਾਲ 9000 ਕਰੋੜ ਰੁਪਏ ਦੀ ਧੋਖਾਧੜੀ ਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ਾਂ ਤਹਿਤ ਭਾਰਤ ਨੂੰ ਦਿੱਤੀ ਜਾਣ ਵਾਲੀ ਉਸ ਦੀ ਸਪੁਰਦਗੀ ਖ਼ਿਲਾਫ਼ ਇੱਥੋਂ ਦੀ ਅਦਾਲਤ ’ਚ ਅਪੀਲ ਦਾਇਰ ਕੀਤੀ ਹੈ।
ਉਸ ਦੇ ਵਕੀਲਾਂ ਨੇ ਬਰਤਾਨਵੀ ਹਾਈ ਕੋਰਟ ਵਿੱਚ ਇਸ ਹਫ਼ਤੇ ਕਿਹਾ ਕਿ ਮਾਲਿਆ ਏਅਰਲਾਈਨਜ਼ ਇੰਡਸਟਰੀ ’ਤੇ ਆਏ ਸੰਕਟ ਦਾ ਸ਼ਿਕਾਰ ਹੋਇਆ ਅਤੇ ਕਿੰਗਫਿਸ਼ਰ ਏਅਰਲਾਈਨਜ਼ ਲਈ ਬੈਂਕ ਤੋਂ ਕਰਜ਼ੇ ਲੈਣ ਪਿੱਛੇ ਉਸ ਦਾ ਧੋਖਾਧੜੀ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉੱਧਰ, ਭਾਰਤ ਸਰਕਾਰ ਵੱਲੋਂ ਕੇਸ ਲੜ ਰਹੀ ਕਰਾਊਨ ਪ੍ਰੌਸਿਕਿਊਸ਼ਨ ਸਰਵਿਸ ਨੇ ਇਨ੍ਹਾਂ ਦਾਅਵਿਆਂ ’ਤੇ ਇਤਰਾਜ਼ ਦਾਇਰ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਪਹਿਲੀ ਨਜ਼ਰੇ ਮਾਲਿਆ ’ਤੇ ਕੇਸ ਬਣਦਾ ਹੈ ਤੇ ਉਸ ਨੂੰ ਭਾਰਤੀ ਅਦਾਲਤਾਂ ਵਿੱਚ ਜਵਾਬ ਦੇਣਾ ਹੋਵੇਗਾ।
ਵੀਰਵਾਰ ਨੂੰ ਲੰਡਨ ਦੀ ਅਦਾਲਤ ਵਿੱਚ ਉਸ ਦੀ ਅਪੀਲ ’ਤੇ ਪੂਰੀ ਹੋਈ ਤਿੰਨ ਦਿਨਾਂ ਸੁਣਵਾਈ ਤੋਂ ਬਾਅਦ ਮਾਲਿਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਰਜ਼ੇ ਨਾ ਮੋੜਨ ਸਬੰਧੀ ਬੈਂਕਾਂ ਦੀ ਸ਼ਿਕਾਇਤ ’ਤੇ ਮੇਰੀ ਸੰਪਤੀ ਜ਼ਬਤ ਕਰ ਲਈ। ਮੈਂ ਕਾਲੇ ਧਨ ਨੂੰ ਸਫ਼ੈਦ ਕਰਨ ਤੋਂ ਰੋਕਣ ਸਬੰਧੀ ਐਕਟ ਤਹਿਤ ਕੋਈ ਅਜਿਹਾ ਅਪਰਾਧ ਨਹੀਂ ਕੀਤਾ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਮੇਰੀਆਂ ਸੰਪਤੀਆਂ ਜ਼ਬਤ ਕਰ ਲਵੇ।’’ ਉਸ ਨੇ ਕਿਹਾ ਕਿ ਉਹ ਤਾਂ ਬੈਂਕਾਂ ਨੂੰ ਕਹਿ ਰਿਹਾ ਹੈ ਕਿ ਕ੍ਰਿਪਾ ਕਰ ਕੇ ਉਹ ਆਪਣਾ ਪੈਸਾ ਲੈਣ ਪਰ ਐਨਫੋਰਸਮੈਂਟ ਡਾਇਰੈਕਟੋਰੇਟ ਕਹਿ ਰਿਹਾ ਹੈ ਨਹੀਂ ਇਨ੍ਹਾਂ ਸੰਪਤੀਆਂ ’ਤੇ ਉਸ ਦਾ ਕਬਜ਼ਾ ਹੈ। ਇਸ ਤਰ੍ਹਾਂ ਇਕ ਪਾਸੇ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਦੂਜੇ ਪਾਸੇ ਬੈਂਕ ਇਕ ਹੀ ਸੰਪਤੀ ਲਈ ਲੜ ਰਹੇ ਹਨ। ਮਾਲਿਆ ਨੇ ਬੈਂਕਾਂ ਲਈ ਆਪਣਾ ਸੁਨੇਹਾ ਦੁਹਰਾਇਆ ਕਿ ਉਹ ਆਪਣਾ 100 ਫ਼ੀਸਦੀ ਮੂਲ ਧਨ ਵਾਪਸ ਲੈ ਲੈਣ। ਉਸ ਨੇ ਕਿਹਾ ਕਿ ਕਰਜ਼ਾ ਉਸ ਨੇ ਨਹੀਂ ਬਲਕਿ ਕਿੰਗਫਿਸ਼ਰ ਏਅਰਲਾਈਨਜ਼ ਨੇ ਲਿਆ ਸੀ। ਉਸ ਨੇ ਕਿਹਾ ਕਿ ਉਹ ਮੂਲ ਧਨ ਵਿੱਚ ਕੋਈ ਛੋਟ ਨਹੀਂ ਚਾਹੁੰਦਾ।