You are here

ਭੈਣੀ ਸਾਹਿਬ ਵਿਖੇ ਸਤਿਗੁਰੂ ਰਾਮ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਰਾਜ ਪੱਧਰੀ ਸਮਾਗਮ

ਡਾਕ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਤਿਗੁਰੂ ਹਰੀ ਸਿੰਘ ਦੀ ਯਾਦ 'ਚ ਲਿਫ਼ਾਫ਼ੇ ਜਾਰੀ
ਸ੍ਰੀ ਭੈਣੀ ਸਾਹਿਬ/ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਨਾਮਦਾਰੀ ਸੰਪਰਦਾ ਦੇ ਬਾਨੀ ਅਤੇ ਦੇਸ਼ ਦੀ ਅਜ਼ਾਦੀ ਲਈ ਬਰਤਾਨਵੀ ਸਾਮਰਾਜ ਨਾਲ ਲੋਹਾ ਲੈਣ ਵਾਲੇ ਸਤਿਗੁਰੂ ਰਾਮ ਸਿੰਘ ਜੀ ਦੇ 204ਵੇਂ ਪ੍ਰਕਾਸ਼ ਪੁਰਬ ਅਤੇ ਬਸੰਤ ਪੰਚਮੀ ਮੌਕੇ ਪੰਜਾਬ ਸਰਕਾਰ ਵੱਲੋਂ ਸਥਾਨਕ ਸ੍ਰੀ ਭੈਣੀ ਸਾਹਿਬ ਦਰਬਾਰ ਵਿਖੇ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਭਾਰਤੀ ਡਾਕ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸਤਿਗੁਰੂ ਹਰੀ ਸਿੰਘ ਦੇ 200ਵੇਂ ਪ੍ਰਕਾਸ਼ ਪੁਰਬ ਮੌਕੇ ਡਾਕ ਲਿਫ਼ਾਫ਼ੇ ਜਾਰੀ ਕੀਤੇ ਗਏ। ਵਿਸ਼ਾਲ ਸਮਾਗਮ ਦੌਰਾਨ ਪੰਜਾਬ ਦੇ ਜੰਗਲਾਤ, ਛਪਾਈ, ਲਿਖ਼ਣ ਸਮੱਗਰੀ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਧਰਮਸੋਤ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਦੀ ਮਹੱਤਵਪੂਰਨ ਕੜੀ ਕਰਾਰ ਦਿੰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਉਨਾਂ ਦੀ ਸੋਚ ਨੂੰ ਸਮਾਜ ਸੁਧਾਰ ਦਾ ਆਧਾਰ ਬਣਾਇਆ ਜਾਵੇ। ਇਸ ਮੌਕੇ ਉਨਾਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰੂ ਰਾਮ ਸਿੰਘ ਜੀ ਦੇ ਨਾਮ 'ਤੇ ਸਥਾਪਤ ਚੇਅਰ ਲਈ 21 ਲੱਖ ਰੁਪਏ ਦੀ ਗਰਾਂਟ ਜਾਰੀ ਕਰਨ ਅਤੇ ਉਨਾਂ ਦੇ ਨਾਮ 'ਤੇ ਪੁਰਸਕਾਰ ਸ਼ੁਰੂ ਕਰਨ ਬਾਰੇ ਪੰਜਾਬ ਸਰਕਾਰ ਨਾਲ ਗੱਲ ਕਰਨ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਸਿੱਖੀ ਸਵੈਮਾਣ ਦੇ ਪੁਨਰ ਸੰਸਥਾਪਕ ਅਤੇ ਦੇਸ਼ ਦੀ ਅਜ਼ਾਦੀ ਲਈ ਬਰਤਾਨਵੀ ਸਾਮਰਾਜ ਨਾਲ ਨਾ-ਮਿਲਵਰਤਨ ਅਤੇ ਬਾਈਕਾਟ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਵਾਲੇ ਵਿਸ਼ਵ ਦੇ ਪਹਿਲੇ ਨੀਤੀ-ਵੇਤਾ ਸਨ। ਦੇਸ਼ ਨੂੰ ਅੰਗਰੇਜ਼ਾਂ ਦੇ ਲੋਟੂ ਰਾਜ ਤੋਂ ਆਜ਼ਾਦ ਕਰਾਉਣ ਲਈ ਭਾਵੇਂ ਵੱਖ-ਵੱਖ ਧਰਮਾਂ, ਮਜ਼ਹਬਾਂ, ਵਰਗਾਂ ਅਤੇ ਪਾਰਟੀਆਂ ਨੇ ਆਪਣੇ-ਆਪਣੇ ਤੌਰ 'ਤੇ ਉਪਰਾਲੇ ਕੀਤੇ ਪਰ ਆਜ਼ਾਦੀ ਸੰਗਰਾਮ ਵਿੱਚ ਉਨਾਂ ਦੀ ਅਗਵਾਈ ਵਿੱਚ ਨਾਮਧਾਰੀ ਸੰਪਰਦਾ ਵੱਲੋਂ ਪਾਇਆ ਗਿਆ ਯੋਗਦਾਨ ਅਤੇ ਕੂਕਿਆਂ ਵੱਲੋਂ ਕੀਤੀਆਂ ਗਈਆਂ ਸ਼ਹੀਦੀਆਂ ਲਾਮਿਸਾਲ ਹਨ। ਉਨਾਂ ਕਿਹਾ ਕਿ ਇਹ ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਹੀ ਸਨ, ਜਿਨਾਂ ਗੁਰੂਆਂ ਵੱਲੋਂ ਦਰਸਾਏ ਹੋਏ ਅਹਿੰਸਾ ਦੇ ਰਸਤੇ 'ਤੇ ਚੱਲਦਿਆਂ ਅੰਗਰੇਜ਼ਾਂ ਦਾ ਅਤੇ ਉਨਾਂ ਵੱਲੋਂ ਦਿੱਤੀਆਂ ਜਾਂਦੀਆਂ ਸੁੱਖ ਸਹੂਲਤਾਂ ਦਾ ਮੁਕੰਮਲ ਬਾਈਕਾਟ ਕੀਤਾ। ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਗਏ ਨਾ ਮਿਲਵਰਤਨ ਅੰਦੋਲਨ ਅਤੇ ਨਾ ਫੁਰਮਾਨੀ ਅੰਦੋਲਨ ਨੂੰ ਬਾਅਦ ਵਿੱਚ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਅਪਣਾਉਣ ਨੂੰ ਪਹਿਲ ਦਿੱਤੀ। ਇਤਿਹਾਸ ਗਵਾਹ ਹੈ ਦੇਸ਼ ਦੀ ਅਜ਼ਾਦੀ ਦਾ ਅਸਲ ਮੁੱਢ ਕੂਕਿਆਂ ਵੱਲੋਂ ਮਲੇਰਕੋਟਲਾ ਦੀ ਪਵਿੱਤਰ ਧਰਤੀ ਤੋਂ ਬੱਝਿਆ ਗਿਆ ਸੀ। ਉਨਾਂ ਨਾਮਧਾਰੀ ਸੰਪਰਦਾ ਨੂੰ ਸਾਦਗੀ, ਸੱਚਾਈ ਅਤੇ ਨਿਮਰਤਾ ਦਾ ਸੋਮਾ ਦੱਸਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਸਾਨੂੰ ਇਸ ਸੰਪਰਦਾ ਅਤੇ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ 'ਤੇ ਚੱਲਦੇ ਹੋਏ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਨਾਮਧਾਰੀ ਸੰਪਰਦਾ ਪੰਜਾਬ ਸਰਕਾਰ ਨੂੰ ਜੋ ਹੁਕਮ ਜਾਂ ਸੇਵਾ ਲਗਾਈ ਜਾਵੇਗੀ, ਉਹ ਸਿਰ ਨਿਵਾ ਕੇ ਪੂਰੀ ਕੀਤੀ ਜਾਵੇਗੀ। ਇਸ ਮੌਕੇ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਾਬਕਾ ਲੋਕ ਸਭਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਵਿਧਾਇਕ ਨਵਤੇਜ ਸਿੰਘ ਚੀਮਾ, ਸਾਬਕਾ ਕੈਬਨਿਟ ਮੰਤਰੀ ਮਲਕੀਤ ਸਿੰਘ ਦਾਖਾ, ਨਾਮਧਾਰੀ ਗੁਰਬਚਨ ਸਿੰਘ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਐੱਸ. ਡੀ. ਐੱਮ. ਅਮਰਜੀਤ ਸਿੰਘ ਬੈਂਸ, ਚੇਅਰਮੈਨ ਕੇ. ਕੇ. ਬਾਵਾ, ਸੀਨੀਅਰ ਕਾਂਗਰਸੀ ਆਗੂ ਸ੍ਰੀਮਤੀ ਸਤਵਿੰਦਰ ਕੌਰ ਬਿੱਟੀ, ਡਾਕ ਵਿਭਾਗ ਵੱਲੋਂ ਵਿਨੇ ਕੁਮਾਰ ਤਿਵਾੜੀ, ਅਮਨਪ੍ਰੀਤ ਸਿੰਘ, ਜਗਮਿੰਦਰ ਸਿੰਘ ਬੇਦੀ, ਬਲਾਕ ਸੰਮਤੀ ਚੇਅਰਮੈਨ ਬਲਬੀਰ ਸਿੰਘ ਬੁੱਢੇਵਾਲ, ਨਾਮਧਾਰੀ ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖੀ ਝੱਜ ਅਤੇ ਵੱਡੀ ਗਿਣਤੀ ਵਿੱਚ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਸੰਗਤਾਂ ਹਾਜ਼ਰ ਸਨ।