ਖੰਨਾ,ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਇੱਥੋਂ ਕੁਝ ਕਿੱਲੋਮੀਟਰ ਦੂਰ ਥਾਣਾ ਸਦਰ ਖੰਨਾ ਦੇ ਪਿੰਡ ਬਾਹੋਮਾਜਰਾ ਵਿਖੇ ਵਾਪਰੀ ਇਕ ਦਰਦਨਾਕ ਘਟਨਾ ਵਿਚ ਖ਼ੂੰਖ਼ਾਰ ਅਵਾਰਾ ਕੁੱਤਿਆਂ ਵਲੋਂ ਪ੍ਰਵਾਸੀ ਮਜ਼ਦੂਰ ਦੇ 5 ਸਾਲ ਦੇ ਬੱਚੇ ਨੂੰ ਨੋਚ-ਨੋਚ ਖਾ ਲਿਆ ਗਿਆ ਅਤੇ ਜ਼ਖ਼ਮੀ ਬੱਚੇ ਦੀ ਕੁਝ ਦੇਰ ਵਿਚ ਹੀ ਮੌਤ ਹੋ ਗਈ। ਬੱਚੇ ਦਾ ਨਾਂਅ ਵਿਰਾਟ ਕੁਮਾਰ ਸੀ ਅਤੇ ਉਹ ਪ੍ਰੇਮ ਚੰਦ ਰਾਮ ਵਾਸੀ ਬਿਹਾਰ ਦਾ ਬੇਟਾ ਸੀ। ਜਾਣਕਾਰੀ ਅਨੁਸਾਰ ਪਿੰਡ ਬਾਹੋਮਾਜਰਾ ਦੇ ਜਗਤਾਰ ਸਿੰਘ ਪੁੱਤਰ ਨੇਤਰ ਸਿੰਘ ਦੀ ਮੋਟਰ 'ਤੇ ਰਹਿੰਦੇ ਪ੍ਰਵਾਸੀ ਮਜ਼ਦੂਰ ਪ੍ਰੇਮ ਚੰਦ ਦਾ 5 ਸਾਲ ਦਾ ਪੁੱਤਰ ਵਿਰਾਟ ਆਪਣੇ ਸਾਥੀਆਂ ਨਾਲ ਖੇਡਦਾ ਹੋਇਆ ਖੰਨਾ ਨਗਰ ਕੌਂਸਲ ਵਲੋਂ ਬਣਾਏ ਕੂੜੇ ਦੇ ਡੰਪ ਵੱਲ ਚਲੇ ਗਿਆ। ਜਿੱਥੇ ਉਸ ਦੇ ਪਿੱਛੇ ਖ਼ੂੰਖ਼ਾਰ ਕੁੱਤਿਆਂ ਦਾ ਝੁੰਡ ਪੈ ਗਿਆ। ਪ੍ਰੇਮ ਚੰਦ ਅਨੁਸਾਰ ਜਦੋਂ ਤੱਕ ਉਸ ਦੀ ਪਤਨੀ ਬੱਚੇ ਨੂੰ ਛੁਡਵਾਉਂਦੀ ਉਦੋਂ ਤੱਕ ਬੱਚਾ ਕੁੱਤਿਆਂ ਦੇ ਝੁੰਡ ਨੇ ਗਭੀਰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੋਂ ਖੰਨਾ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮੁਢਲੀ ਸਹਾਇਤਾ ਦੇ ਕੇ ਪਟਿਆਲਾ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਪਰ ਰਸਤੇ ਵਿਚ ਹੀ ਵਿਰਾਟ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਪ੍ਰਵਾਸੀ ਮਜ਼ਦੂਰ ਪ੍ਰੇਮ ਚੰਦ ਬਿਹਾਰ ਤੋਂ ਚਾਰ ਦਿਨ ਪਹਿਲਾਂ ਹੀ ਪੰਜਾਬ ਵਿਚ ਰੋਜ਼ੀ ਰੋਟੀ ਕਮਾਉਣ ਲਈ ਆਇਆ ਸੀ।