ਸਹਿਕਾਰਤਾ ਤੇ ਜੇਲਾਂ ਮੰਤਰੀ ਨੇ ਕੇਂਦਰੀ ਜੇਲ ਕਪੂਰਥਲਾ ਵਿਖੇ ਗਣਤੰਤਰ ਦਿਵਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ’ਚ ਕੀਤੀ ਸ਼ਿਰਕਤ
ਜੇਲ ਵਿਚ ਨਵ-ਨਿਰਮਤ ਆਲੀਸ਼ਾਨ ਉਡੀਕ ਘਰ ਅਤੇ ਡਿਸਪੈਂਸਰੀ ਕੀਤੀ ਲੋਕ ਅਰਪਣ
ਸੂਬੇ ਦੀਆਂ ਜੇਲਾਂ ਦੇ ਬਿਹਤਰੀਨ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ
ਏ. ਡੀ. ਜੀ. ਪੀ ਜੇਲਾਂ, ਆਈ. ਜੀ. ਜੇਲਾਂ ਅਤੇ ਡੀ. ਆਈ. ਜੀ ਜੇਲਾਂ ਵੀ ਹੋਏ ਸ਼ਾਮਿਲ
ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-
ਕੇਂਦਰੀ ਜੇਲ ਕਪੂਰਥਲਾ ਵਿਖੇ ਗਣਤੰਤਰ ਦਿਵਸ ਮੌਕੇ ਜੇਲ ਸੁਪਰਡੈਂਟ ਸ੍ਰੀ ਬੀ. ਐਸ. ਘੁੰਮਣ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਹਿਕਾਰਤਾ ਅਤੇ ਜੇਲਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਏ. ਡੀ. ਜੀ. ਪੀ ਜੇਲਾਂ ਸ੍ਰੀ ਪੀ. ਕੇ ਸਿਨਹਾ, ਇੰਸਪੈਕਟਰ ਜਨਰਲ ਜੇਲਾਂ ਸ੍ਰੀ ਆਰ. ਕੇ ਅਰੋੜਾ ਅਤੇ ਡਿਪਟੀ ਇੰਸਪੈਕਟਰ ਜਨਰਲ ਜੇਲਾਂ ਸ. ਸੁਰਿੰਦਰ ਸਿੰਘ ਸੈਣੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੌਮੀ ਝੰਡਾ ਲਹਿਰਾਇਆ ਅਤੇ ਜੇਲ ਅੰਦਰ ਜਨਾਨਾ ਵਾਰਡ ਅਤੇ ਓਪਨ ਏਅਰ ਥਿਏਟਰ ਵਿਚ ਬੰਦੀਆਂ ਵੱਲੋਂ ਤਿਆਰ ਕੀਤੇ ਗਏ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ, ਜਿਸ ਵਿਚ ਔਰਤ ਬੰਦੀਆਂ ਵੱਲੋਂ ਗਿੱਧਾ ਅਤੇ ਮਰਦ ਬੰਦੀਆਂ ਵੱਲੋਂ ਭੰਗੜੇ ਅਤੇ ਗੀਤ-ਸੰਗੀਤ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਜੇਲ ਮੰਤਰੀ ਨੇ ਇਸ ਮੌਕੇ ਸਭਨਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸੂਬੇ ਦੀਆਂ ਜੇਲਾਂ ਨੂੰ ਅਸਲ ਸੁਧਾਰ ਘਰ ਬਣਾਉਣਾ ਪੰਜਾਬ ਸਰਕਾਰ ਦਾ ਮੁੱਖ ਮਕਸਦ ਹੈ ਅਤੇ ਇਸ ਮਕਸਦ ਨੂੰ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜੇਲਾਂ ਵਿਚ ਬੰਦੀਆਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਇਸ ਲਈ ਜਿੰਨੇ ਵੀ ਫੰਡ ਲੋੜੀਂਦੇ ਹਨ, ਉਹ ਮੁਹੱਈਆ ਕਰਵਾਏ ਜਾਣਗੇ। ਉਨਾਂ ਕਿਹਾ ਕਿ ਅੰਡਰ ਟਰਾਇਲ ਕੈਦੀਆਂ ਨੂੰ ਵਾਰ-ਵਾਰ ਪੇਸ਼ੀਆਂ ਤੋਂ ਮੁਕਤੀ ਦਿਵਾਉਣ ਅਤੇ ਉਨਾਂ ਦੇ ਕੇਸਾਂ ਦੇ ਪਹਿਲ ਦੇ ਆਧਾਰ ’ਤੇ ਨਿਪਟਾਰੇ ਲਈ ਉਨਾਂ ਦੇ ਕੇਸ ਜੇਲ ਵਿਚ ਹੀ ਸੁਣੇ ਜਾਣ ਲਈ ਹਾਈ ਕੋਰਟ ਨੂੰ ਲਿਖਿਆ ਗਿਆ ਹੈ। ਉਨਾਂ ਬੰਦੀਆਂ ਨੂੰ ਨਸ਼ਿਆਂ ਅਤੇ ਅਪਰਾਧ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆਂ ਉਨਾਂ ਨੂੰ ਹੁਨਰਮੰਦ ਹੋਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਚੰਗੇ ਵਿਹਾਰ ਅਤੇ ਵਧੀਆ ਕੰਮ ਕਰਨ ਵਾਲੇ ਬੰਦੀਆਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਉਨਾਂ ਦੀ ਜਲਦ ਰਿਹਾਈ ਦੇ ਪ੍ਰਬੰਧ ਕੀਤੇ ਜਾਣਗੇ।
ਏ. ਡੀ. ਜੀ. ਪੀ ਜੇਲਾਂ ਸ੍ਰੀ ਪੀ. ਕੇ ਸਿਨਹਾ ਨੇ ਇਸ ਮੌਕੇ ਕਿਹਾ ਕਿ ਜੇਲਾਂ ਅਪਰਾਧਿਕ ਨਿਆਂ ਪ੍ਰਣਾਲੀ ਦਾ ਸਭ ਤੋਂ ਅਹਿਮ ਅੰਗ ਹਨ ਅਤੇ ਅਪਰਾਧੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਵਿਚ ਜੇਲ ਪ੍ਰਸ਼ਾਸਨ ਦੀ ਭੂਮਿਕਾ ਬੇਹੱਦ ਅਹਿਮ ਹੈ। ਉਨਾਂ ਕਿਹਾ ਕਿ ਜੇਲ ਪ੍ਰਸ਼ਾਸਨ ਵਿਚ ਹੋਰ ਸੁਧਾਰ ਲਿਆਉਣ ਲਈ ਪ੍ਰਕਿਰਿਆ ਜਾਰੀ ਹੈ ਅਤੇ ਜਲਦ ਹੀ ਇਸ ਦੇ ਉਸਾਰੂ ਸਿੱਟੇ ਸਾਹਮਣੇ ਆਉਣਗੇ।
ਇਸ ਦੌਰਾਨ ਜੇਲ ਮੰਤਰੀ ਸ. ਰੰਧਾਵਾ ਵੱਲੋਂ ਜੇਲ ਵਿਚ ਮੁਲਾਕਾਤੀਆਂ ਲਈ ਨਵੇਂ ਉਸਾਰੇ ਗਏ ਆਲੀਸ਼ਾਨ ਉਡੀਕ ਘਰ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤਾ। ਇਸ ਤੋਂ ਇਲਾਵਾ ਉਨਾਂ ਜੇਲ ਕਰਮਚਾਰੀਆਂ ਲਈ ਨਵੀਂ ਬਣਾਈ ਗਈ ਡਿਸਪੈਂਸਰੀ ਦਾ ਵੀ ਉਦਘਾਟਨ ਕੀਤਾ। ਇਸੇ ਤਰਾਂ ਉਨਾਂ ਆਪਣੇ ਅਖਤਿਆਰੀ ਫੰਡ ਵਿਚੋਂ ਰੋਟੀ ਤਿਆਰ ਕਰਨ ਵਾਲੀ ਆਟੋਮੈਟਿਕ ਮਸ਼ੀਨ ਵੀ ਜੇਲ ਪ੍ਰਸ਼ਾਸਨ ਨੂੰ ਭੇਟ ਕੀਤੀ। ਇਸ ਤੋਂ ਬਾਅਦ ਉਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜੇਲ ਵਿਚ ਤਿਆਰ ਕੀਤੀ ਗਈ ਨਾਨਕ ਬਗੀਚੀ ਦਾ ਨਿਰੀਖਣ ਵੀ ਕੀਤਾ ਅਤੇ ਉਥੇ ਪੌਦਾ ਲਗਾਇਆ। ਇਸ ਦੌਰਾਨ ਉਨਾਂ ਕੈਦੀਆਂ ਵੱਲੋਂ ਤਿਆਰ ਕੀਤੇ ਗਏ ਸਾਮਾਨ ਦੀ ਪ੍ਰਦਰਸ਼ਨੀ ਦਾ ਨਿਰੀਖਣ ਵੀ ਕੀਤਾ ਅਤੇ ਇਸ ਦੀ ਸ਼ਲਾਘਾ ਕੀਤੀ।
ਇਸ ਦੌਰਾਨ ਉਨਾਂ ਸੂਬੇ ਦੀਆਂ ਜੇਲਾਂ ਦੇ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਵਾਲੇ ਜੇਲ ਸੁਪਰਡੈਂਟਾਂ ਅਤੇ ਹੋਰਨਾਂ ਜੇਲ ਅਧਿਕਾਰੀਆਂ ਨੂੰ ਡੀ. ਜੀ. ਪੀ ਕਮੈਂਡੇਸ਼ਨ ਡਿਸਕ ਅਤੇ ਸਨਮਾਨ ਚਿੰਨਾਂ ਨਾਲ ਸਨਮਾਨਿਤ ਵੀ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ, ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ, ਨਗਰ ਨਿਗਮ ਜਲੰਧਰ ਦੇ ਮੇਅਰ ਸ੍ਰੀ ਜਗਦੀਸ਼ ਰਾਜਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਡੀ. ਐਸ. ਪੀ ਸ੍ਰੀ ਹਰਿੰਦਰ ਸਿੰਘ ਗਿੱਲ, ਸਿਵਲ ਸਰਜਨ ਡਾ. ਜਸਮੀਤ ਬਾਵਾ, ਜ਼ਿਲਾ ਸਿੱਖਿਆ ਅਫ਼ਸਰ ਸ. ਮੱਸਾ ਸਿੰਘ ਸਿੱਧੂ, ਸਹਾਇਕ ਲੋਕ ਸੰਪਰਕ ਅਫ਼ਸਰ ਸ. ਹਰਦੇਵ ਸਿੰਘ ਆਸੀ, ਡਾ. ਰਮੇਸ਼ ਬੰਗਾ, ਡਾ. ਸਾਰਿਕਾ ਦੁੱਗਲ, ਡਾ. ਅਭਿਸ਼ੇਕ, ਮੈਡਮ ਅੰਜੂ ਬਾਲਾ ਤੋਂ ਇਲਾਵਾ ਜੇਲ ਅਧਿਕਾਰੀਆਂ ਵਿਚ ਸੁਪਰਡੈਂਟ (ਮ) ਸ੍ਰੀ ਨਰਪਿੰਦਰ ਸਿੰਘ, ਡਿਪਟੀ ਸੁਪਰਡੈਂਟ (ਫੈਕਟਰੀ) ਸ੍ਰੀ ਅਮਰ ਸਿੰਘ, ਡਿਪਟੀ ਸੁਪਰਡੈਂਟ (ਸਕਿਉਰਿਟੀ) ਸ੍ਰੀ ਇੰਦਰਪਾਲ ਸਿੰਘ ਤੇ ਸ੍ਰੀ ਰਜਿੰਦਰ ਕੁਮਾਰ ਹਾਜ਼ਰ ਸਨ।
ਕੈਪਸ਼ਨਾਂ :-ਕੇਂਦਰੀ ਜੇਲ ਕਪੂਰਥਲਾ ਵਿਖੇ ਨਵ-ਨਿਰਮਤ ਉਡੀਕ ਘਰ ਸੂਬੇ ਦੇ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਸਹਿਕਾਰਤਾ ਤੇ ਜੇਲਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ। ਨਾਲ ਹਨ ਏ. ਡੀ. ਜੀ. ਪੀ ਜੇਲਾਂ ਸ੍ਰੀ ਪੀ. ਕੇ ਸਿਨਹਾ, ਇੰਸਪੈਕਟਰ ਜਨਰਲ ਜੇਲਾਂ ਸ੍ਰੀ ਆਰ. ਕੇ ਅਰੋੜਾ, ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਤੇ ਹੋਰ।
-ਸਹਿਕਾਰਤਾ ਤੇ ਜੇਲਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੂੰ ਸਨਮਾਨਿਤ ਕਰਦੇ ਹੋਏ ਏ. ਡੀ. ਜੀ. ਪੀ ਜੇਲਾਂ ਸ੍ਰੀ ਪੀ. ਕੇ ਸਿਨਹਾ। ਨਾਲ ਹਨ ਇੰਸਪੈਕਟਰ ਜਨਰਲ ਜੇਲਾਂ ਸ੍ਰੀ ਆਰ. ਕੇ ਅਰੋੜਾ, ਡਿਪਟੀ ਇੰਸਪੈਕਟਰ ਜਨਰਲ ਜੇਲਾਂ ਸ. ਸੁਰਿੰਦਰ ਸਿੰਘ ਸੈਣੀ, ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਅਤੇ ਜੇਲ ਸੁਪਰਡੈਂਟ ਸ. ਬੀ. ਐਸ ਘੁੰਮਣ।