ਫਰੀਦਕੋਟ- ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਦੇਰ ਸ਼ਾਮ ਮੁਅੱਤਲ ਕਰ ਦਿੱਤਾ ਹੈ। ਉਮਰਾਨੰਗਲ ਨੂੰ ਵਿਸ਼ੇਸ਼ ਜਾਂਚ ਟੀਮ ਨੇ 18 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ 26 ਫਰਵਰੀ ਤੱਕ ਉਹ ਪੁਲੀਸ ਰਿਮਾਂਡ ’ਤੇ ਰਹੇ। ਪਿਛਲੇ 48 ਘੰਟਿਆਂ ਤੋਂ ਉਮਰਾਨੰਗਲ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਨਜ਼ਰਬੰਦ ਹਨ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਮੁਅੱਤਲ ਕਰਨ ਦੇ ਨਾਲ-ਨਾਲ ਬਕਾਇਦਾ ਚਾਰਜਸ਼ੀਟ ਵੀ ਕੀਤਾ ਹੈ। ਇਸ ਤੋਂ ਇਲਾਵਾ ਵਿਭਾਗੀ ਪੜਤਾਲ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਉਮਰਾਨੰਗਲ ਉਹ ਪਹਿਲੇ ਅਧਿਕਾਰੀ ਹਨ ਜਿਨ੍ਹਾਂ ਨੂੰ ਬੇਅਦਬੀ ਤੇ ਗੋਲੀ ਕਾਂਡ ਨਾਲ ਜੁੜੇ ਮਾਮਲੇ ਵਿਚ ਮੁਅੱਤਲ ਕਰਕੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਗ੍ਰਿਫ਼ਤਾਰੀ ਤੋਂ ਬਾਅਦ ਮੁਅੱਤਲੀ ਦਾ ਸਾਹਮਣਾ ਕਰ ਰਹੇ ਉਮਰਾਨੰਗਲ ਦੇ ਬਹਿਬਲ ਗੋਲੀ ਕਾਂਡ ਵਿੱਚ ਵੀ ਗ੍ਰਿਫ਼ਤਾਰ ਹੋਣ ਦੀ ਸੰਭਾਵਨਾ ਹੈ। ਜਾਂਚ ਟੀਮ ਨੇ ਅੱਜ ਅਦਾਲਤ ਵਿੱਚ ਦੱਸਿਆ ਕਿ ਡੀਐੱਸਪੀ ਰੈਂਕ ਦੇ ਇੱਕ ਅਧਿਕਾਰੀ ਨੇ ਉਮਰਾਨੰਗਲ ਦੇ ਬਹਿਬਲ ਕਾਂਡ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ।