You are here

ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ-ਰਾਜਿੰਦਰ ਕੌਰ ਭੱਠਲ

ਰਾਜਿੰਦਰ ਕੌਰ ਭੱਠਲ ਸਮੇਤ ਕਈ ਸਖ਼ਸ਼ੀਅਤਾਂ ਵੱਲੋਂ ਸਾਬਕਾ ਮੰਤਰੀ ਜੋਗਿੰਦਰ ਪਾਲ ਪਾਂਡੇ ਨੂੰ ਸ਼ਰਧਾਂਜਲੀਆਂ

ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਸ਼ਹੀਦ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦਾ ਸਹੀ ਅਰਥਾਂ ਵਿੱਚ ਵਿਕਾਸ ਸ਼ਹੀਦੀਆਂ ਦੇਣ ਵਾਲਿਆਂ ਵੱਲੋਂ ਦਰਸਾਏ ਰਸਤੇ ’ਤੇ ਚੱਲ ਕੇ ਹੀ ਕੀਤਾ ਜਾ ਸਕਦਾ ਹੈ। ਉਹ ਅੱਜ ਇਥੇ ਸਾਬਕਾ ਮੰਤਰੀ ਸਵਰਗੀ ਸ੍ਰੀ ਜੋਗਿੰਦਰ ਪਾਲ ਪਾਂਡੇ ਦੇ ਬਰਸੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਭੱਠਲ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਬਹਾਲੀ ਲਈ ਸਾਬਕਾ ਮੁੱਖ ਮੰਤਰੀ ਸਵਰਗੀ ਸ੍ਰ. ਬੇਅੰਤ ਸਿੰਘ, ਸਵਰਗੀ ਜੋਗਿੰਦਰ ਪਾਲ ਪਾਂਡੇ ਅਤੇ ਹੋਰ ਕਈ ਸ਼ਹੀਦਾਂ ਨੇ ਆਪਣੇ ਖੂਨ ਦਾ ਤੁਪਕਾ-ਤੁਪਕਾ ਵਹਾ ਦਿੱਤਾ। ਇੰਨ੍ਹੀਆਂ ਕੁਰਬਾਨੀਆਂ ਨਾਲ ਪ੍ਰਾਪਤ ਹੋਏ ਇਸ ਅਮਨ ਅਤੇ ਸ਼ਾਂਤੀ ਵਾਲੇ ਮਾਹੌਲ ਨੂੰ ਕਿਸੇ ਵੀ ਹੀਲੇ ਹੁਣ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ੍ਰ. ਬੇਅੰਤ ਸਿੰਘ ਅਤੇ ਸ੍ਰੀ ਜੋਗਿੰਦਰ ਪਾਲ ਪਾਂਡੇ ਵਰਗੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਲਈ ਦਿ੍ਰੜ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਜੋਗਿੰਦਰ ਪਾਲ ਪਾਂਡੇ ਨੇ ਆਪਣੇ ਰਾਜਸੀ ਅਤੇ ਸਮਾਜਿਕ ਜੀਵਨ ਦੌਰਾਨ ਆਪਣੇ ਰਾਜਸੀ ਅਤੇ ਹੋਰ ਸਾਰੇ ਹਿੱਤਾਂ ਤੋਂ ਉੱਪਰ ਉੱਠ ਕੇ ਕੰਮ ਕੀਤਾ। ਉਨ੍ਹਾਂ ਵੱਲੋਂ ਅੱਤਵਾਦ ਖ਼ਿਲਾਫ਼ ਚੁੱਕੇ ਝੰਡੇ ਦੀ ਬਦੌਲਤ ਹੀ ਅੱਜ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਮਨ ਪਸੰਦ ਲੋਕ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਜੋਗਿੰਦਰ ਪਾਲ ਪਾਂਡੇ ਦੀ ਕੁਰਬਾਨੀ ਨੂੰ ਕਦੇ ਵੀ ਵਿਸਾਰ ਨਹੀਂ ਸਕਦੇ। ਇਸ ਮੌਕੇ ਲਗਾਏ ਗਏ ਰਾਜ ਪੱਧਰੀ ਮੈਗਾ ਮੈਡੀਕਲ ਕੈਂਪ ਦੌਰਾਨ ਵੱਖ-ਵੱਖ ਮਾਹਿਰਾਂ ਡਾਕਟਰਾਂ ਵੱਲੋਂ 700 ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਮੁਫ਼ਤ ਲੈਬਾਰਟਰੀ ਟੈਸਟਾਂ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਸਮਾਗਮ ਦੌਰਾਨ ਲੁਧਿਆਣਾ (ਉੱਤਰੀ) ਦੇ ਵਿਧਾਇਕ ਰਾਕੇਸ਼ ਪਾਂਡੇ, ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸੰਜੇ ਤਲਵਾੜ, ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਜ਼ਿਲ੍ਹਾ ਕਾਂਗਰਸ (ਸ਼ਹਿਰੀ) ਪ੍ਰਧਾਨ ਅਸ਼ਵਨੀ ਸ਼ਰਮਾ, ਨਗਰ ਨਿਗਮ ਲੁਧਿਆਣਾ ਦੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਦੁਸ਼ਯੰਤ ਪਾਂਡੇ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।