ਬੱਚੀਆਂ ਨੂੰ ਜਨਮ ਲੈਣ ਅਤੇ ਅੱਗੇ ਵਧਣ ਲਈ ਮੌਕੇ ਮੁਹੱਈਆ ਕਰਾਉਣ ਦੇ ਯਤਨ ਕੀਤੇ ਜਾਣ-ਵਿਧਾਇਕ ਅਤੇ ਡਿਪਟੀ ਕਮਿਸ਼ਨਰ
ਸਮਰਾਲਾ/ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
'ਬੇਟੀ ਬਚਾਓ ਬੇਟੀ ਪੜਾਓ' ਮੁਹਿੰਮ ਤਹਿਤ ਐੱਸ. ਡੀ. ਐÎਮ. ਦਫ਼ਤਰ ਸਮਰਾਲਾ ਵਿਖੇ 101 ਨਵਜਾਤ ਕੁੜੀਆਂ ਦੀ ਲੋਹੜੀ ਮਨਾਈ ਗਈ। ਇਹ ਸਮਾਗਮ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਸਮਰਾਲਾ) ਜਸਪਾਲ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਸ੍ਰੀਮਤੀ ਪ੍ਰੀਤਮਾ ਅਰੋੜਾ, ਜਗਮਿਲਾਪ ਸਿੰਘ ਖੁਸ਼ਦਿਲ, ਸ੍ਰੀਮਤੀ ਰਿਫੀ ਭੱਟੀ (ਤਿੰਨੇ ਜੱਜ), ਐੱਸ. ਡੀ. ਐੱਮ. ਮਿਸ ਗੀਤਿਕਾ ਸਿੰਘ, ਬਲਜਿੰਦਰ ਸਿੰਘ ਅਤੇ ਸ੍ਰੀਮਤੀ ਸੋਨਮ ਚੌਧਰੀ (ਦੋਵੇਂ ਪੀ. ਸੀ. ਐੱਸ.), ਡੀ. ਐੱਸ. ਪੀ. ਹਰਿੰਦਰ ਸਿੰਘ ਮਾਨ, ਤਹਿਸੀਲਦਾਰ ਨਵਦੀਪ ਸਿੰਘ ਭੋਗਲ, ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ, ਨਾਇਬ ਤਹਿਸੀਲਦਾਰ ਵਿਜੇ ਕੁਮਾਰ, ਸੀ. ਡੀ. ਪੀ. ਓ. ਸਮਰਾਲਾ ਸ੍ਰੀਮਤੀ ਇੰਦਰਜੀਤ ਕੌਰ, ਸੀ. ਡੀ. ਪੀ. ਓ. ਸ੍ਰ. ਰਾਮ ਭਜਨ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ। ਇਸ ਮੌਕੇ ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਲੋਹੜੀ ਦੇ ਗੀਤ ਗਾਏ ਗਏ ਅਤੇ ਗਿੱਧਾ ਅਤੇ ਨਾਚ ਪ੍ਰੋਗਰਾਮ ਪੇਸ਼ ਕੀਤਾ ਗਿਆ। ਹਾਜ਼ਰੀਨ ਨੂੰ ਗੁੜ, ਰਿਓੜੀਆਂ, ਮੂੰਗਫਲੀ ਆਦਿ ਦੀ ਵੰਡ ਕੀਤੀ ਗਈ। ਇਸ ਮੌਕੇ 101 ਨਵਜਾਤ ਬੱਚੀਆਂ ਨੂੰ ਬੇਬੀ ਸੂਟ ਕਿੱਟਾਂ ਅਤੇ ਹੋਰ ਸਮੱਗਰੀ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਢਿੱਲੋਂ ਅਤੇ ਡਿਪਟੀ ਕਮਿਸ਼ਨਰ ਅਗਰਵਾਲ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਭਰੂਣ ਹੱਤਿਆ ਨੂੰ ਰੋਕ ਕੇ ਬੱਚੀਆਂ ਨੂੰ ਜਨਮ ਲੈਣ ਅਤੇ ਅੱਗੇ ਵਧਣ ਲਈ ਮੌਕੇ ਮੁਹੱਈਆ ਕਰਾਉਣ ਦੇ ਯਤਨ ਕੀਤੇ ਜਾਣ। ਉਨਾਂ ਐੱਸ. ਡੀ. ਐੱਮ. ਦਫ਼ਤਰ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕੀਤੇ ਗਏ ਇਸ ਸਾਂਝੇ ਉਪਰਾਲੇ ਦੀ ਸ਼ਲਾਘਾ ਕੀਤੀ।