ਯੂ. ਕੇ. ਦੀ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਨਾਡੀਆ ਵਿਟੋਮ ਪੰਜਾਬ ਦੀ ਧੀ
ਨਾਡੀਆ ਆਪਣੀ 79000 ਪੌਡ ਦੀ ਤਨਖ਼ਾਹ 'ਚੋਂ 35000 ਪੌਡ ਹੀ ਖ਼ੁਦ ਲਈ ਖ਼ਰਚੇਗੀ ਬਾਕੀ ਰਕਮ ਸਥਾਨਕ ਕੰਮਾਂ ਲਈ ਦਾਨ ਕਰੇਗੀ
ਨੌਟਿੰਘਮ/ਯੂ. ਕੇ,ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ/ਅਮਨਜੀਤ ਸਿੰਘ ਖਹਿਰਾ)- ਯੂ. ਕੇ. ਦੀ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਹੋਣ ਦਾ ਮਾਣ ਰੱਖਣ ਵਾਲੀ ਨਾਡੀਆ ਵਿਟੋਮ ਦਾ ਪਿਛੋਕੜ ਪੰਜਾਬ ਨਾਲ ਸਬੰਧਿਤ ਹੈ | ਉਹ ਆਪਣੀ 79000 ਪੌਡ ਦੀ ਤਨਖ਼ਾਹ 'ਚੋਂ 35000 ਪੌਡ ਹੀ ਖ਼ੁਦ ਲਈ ਖ਼ਰਚੇਗੀ ਬਾਕੀ ਰਕਮ ਸਥਾਨਕ ਕੰਮਾਂ ਲਈ ਦਾਨ ਕਰੇਗੀ | ਉਸ ਨੂੰ ਪੰਜਾਬ ਦੀ ਧੀ ਕਹਿਣਾ ਚਾਹੀਦਾ ਹੈ | ਜਿਸ ਦੀ ਇਹ ਛੋਟੀ ਉਮਰ 'ਚ ਵੱਡੀ ਪ੍ਰਾਪਤੀ ਹੈ | ਨਾਡੀਆ 23 ਸਾਲ ਦੀ ਹੈ, ਜੋ ਕਿ੍ਸਮਸ 2019 ਦੀ ਆਰਜ਼ੀ ਨੌਕਰੀਆਂ 'ਚੋਂ ਕੰਮ ਦੀ ਤਲਾਸ਼ ਕਰ ਰਹੀ ਸੀ ਅਤੇ ਬਾਅਦ 'ਚ ਕਿਸਮਤ ਨੇ ਅਜਿਹਾ ਪਲਟਾ ਖਾਧਾ ਕਿ ਉਹ ਅੱਜ ਸੰਸਦ ਮੈਂਬਰ ਹੈ | ਨਾਡੀਆ ਦੇ ਪਿਤਾ ਦਾ ਨਾਂਅ ਜਗਦੀਪ ਹੈ ਜੋ ਪੰਜਾਬ ਦੇ ਮਹਿਰਮਪੁਰ ਦੇ ਜੰਮਪਲ ਹਨ ਅਤੇ 21 ਸਾਲ ਦੀ ਉਮਰ 'ਚ ਯੂ. ਕੇ. ਆ ਗਏ ਸਨ, ਜਿਸ ਨੇ ਫ਼ੈਕਟਰੀਆਂ 'ਚ ਕੰਮ ਕੀਤਾ, ਇਕ ਦੁਕਾਨ ਵੀ ਚਲਾਈ ਅਤੇ ਹੁਣ ਲੋਕਾਂ ਨੂੰ ਡਰਾਈਵਿੰਗ ਸਿਖਾਉਣ ਦਾ ਕੰਮ ਕਰ ਰਿਹਾ ਹੈ | ਜਗਦੀਪ ਦਾ ਵਿਆਹ ਤਰੀਸ਼ ਨਾਲ ਹੋਇਆ ਜੋ ਨੌਟਿੰਘਮ 'ਚ ਸਮਾਜਿਕ ਮਾਮਲਿਆਂ ਬਾਰੇ ਵਕੀਲ ਹੈ | ਤਰੀਸ਼ ਦੇ ਮਾਪੇ ਐਗਲੋ-ਇੰਡੀਅਨ ਹਨ, ਜੋ 1950 ਦੇ ਕਰੀਬ ਕਲਕੱਤਾ ਤੋਂ ਯੂ. ਕੇ. ਆਏ ਸਨ | ਨਾਡੀਆ ਦਾ ਇਕ ਭਰਾ ਜੋ ਸਿਡਨੀ 'ਚ ਰਹਿੰਦਾ ਹੈ | ਨਾਡੀਆ ਦਾ ਕਹਿਣਾ ਹੈ ਕਿ ਉਹ ਨੌਟਿੰਘਮ ਦੀ ਪਹਿਲੀ ਬੀ. ਏ. ਐਮ. ਈ. ਸਾਂਸਦ ਹੈ | ਸਾਡਾ ਕੋਈ ਵੀ ਰਿਸ਼ਤੇਦਾਰ ਪੰਜਾਬ 'ਚ ਨਹੀਂ ਰਹਿੰਦਾ | ਮੇਰੇ ਪਿਤਾ 21 ਸਾਲ ਦੇ ਸਨ ਜਦੋਂ ਯੂ. ਕੇ. ਆ ਗਏ ਅਤੇ ਬਾਅਦ 'ਚ ਉਨ੍ਹਾਂ ਦੇ ਮਾਪੇ, ਆਂਟੀਆਂ, ਅੰਕਲ ਅਤੇ ਉਨ੍ਹਾਂ ਦੇ ਬੱਚੇ ਵੀ ਯੂ. ਕੇ. ਆ ਗਏ | ਨਾਡੀਆ ਆਪਣੇ ਪਿਤਾ ਨਾਲ 9 ਸਾਲ ਦੀ ਉਮਰ 'ਚ ਭਾਰਤ ਗਈ ਸੀ, ਉਸ ਸਮੇਂ ਉਹ ਅੰਮਿ੍ਤਸਰ, ਚੰਡੀਗੜ੍ਹ, ਰਾਜਸਥਾਨ ਅਤੇ ਦਿੱਲੀ ਗਏ ਸਨ | ਪਰ ਸਾਡੇ ਕੋਲ ਪਿਤਾ ਦੇ ਪਿੰਡ ਜਾਣ ਦਾ ਸਮਾਂ ਨਹੀਂ ਸੀ | ਨਾਡੀਆ ਮੁੰਡਿਆਂ ਤੋਂ ਬਚ ਕੇ ਰਹੀ ਗੀਤ ਦੀ ਪ੍ਰਸੰਸਕ ਹੈ ਅਤੇ ਪੰਜਾਬੀ ਖਾਣੇ ਵੀ ਪਸੰਦ ਕਰਦੀ ਹੈ | ਨਾਡੀਆ ਦਾ ਕਹਿਣਾ ਹੈ ਕਿ ਉਸ ਦਾ ਪਾਲਨ ਪੋਸ਼ਣ ਸਿਰਫ਼ ਉਸ ਦੀ ਮਾਂ ਨੇ ਹੀ ਕੀਤਾ ਹੈ | ਉਸ ਦਾ ਮੰਨਣਾ ਹੈ ਕਿ ਭਾਰਤ ਮੁਸਲਿਮ, ਦਲਿਤ ਅਤੇ ਘੱਟ ਗਿਣਤੀਆਂ ਲਈ ਸੁਰੱਖਿਅਤ ਦੇਸ਼ ਨਹੀਂ ਹੈ |