ਅਪ੍ਰੈਲ 2020 'ਚ ਰਾਸ਼ਟਰੀ ਤਨਖ਼ਾਹ 'ਚ 6.2 ਫ਼ੀਸਦੀ ਵਾਧਾ
ਲੰਮੇ ਸਮੇਂ ਤੋਂ ਲੋਕਾਂ ਨੂੰ ਤਨਖ਼ਾਹ ਵਾਧਾ ਨਹੀਂ ਮਿਲਿਆ, ਜਿਸ ਦੇ ਉਹ ਹੱਕਦਾਰ ਹਨ- ਬੌਰਿਸ ਜੌਹਨਸਨ
ਲੰਡਨ,ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-
ਬਰਤਾਨੀਆ 'ਚ ਘੱਟੋ ਘੱਟ ਵੇਤਨ ਤੈਅ ਹੈ, ਜਿਸ ਦੇ ਚੱਲਦਿਆਂ ਅਪ੍ਰੈਲ 2020 'ਚ ਰਾਸ਼ਟਰੀ ਤਨਖ਼ਾਹ 'ਚ 6.2 ਫ਼ੀਸਦੀ ਵਾਧਾ ਕੀਤਾ ਜਾ ਰਿਹਾ ਹੈ | ਜਿਸ ਬਾਰੇ ਸਰਕਾਰ ਨੇ ਕਿਹਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਤਨਖ਼ਾਹ ਵਾਧਾ ਹੈ | ਅਪ੍ਰੈਲ 2020 ਤੋਂ 25 ਸਾਲ ਤੋਂ ਵੱਧ ਉਮਰ ਦੇ ਕਾਮਿਆਂ ਦੀ ਘੱਟੋ ਘੱਟ ਤਨਖ਼ਾਹ 8 ਪੌਡ 72 ਪੈਂਸ ਪ੍ਰਤੀ ਘੰਟਾ ਹੋਵੇਗੀ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਲੰਮੇ ਸਮੇਂ ਤੋਂ ਲੋਕਾਂ ਨੂੰ ਤਨਖ਼ਾਹ ਵਾਧਾ ਨਹੀਂ ਮਿਲਿਆ, ਜਿਸ ਦੇ ਉਹ ਹੱਕਦਾਰ ਹਨ | ਪਰ ਕਾਰੋਬਾਰ ਕੰਪਨੀਆਂ ਨੇ ਕਿਹਾ ਕਿ ਇਹ ਤਨਖ਼ਾਹ ਵਾਧਾ ਕੰਪਨੀਆਂ ਤੇ ਬੋਝ ਪਾਵੇਗਾ, ਜਿਸ ਨਾਲ ਨਜਿੱਠਣ ਲਈ ਸਰਕਾਰ ਨੂੰ ਕੰਪਨੀਆਂ ਦੇ ਖ਼ਰਚੇ ਘਟਾਉਣ ਲਈ ਕੁਝ ਕਰਨਾ ਹੋਵੇਗਾ |
ਇਸ ਤਨਖ਼ਾਹ ਵਾਧੇ ਨਾਲ 25 ਸਾਲ ਤੋਂ ਵੱਧ ਉਮਰ ਦੇ ਕਾਮਿਆਂ ਦੀ ਘੱਟੋ ਘੱਟ ਤਨਖ਼ਾਹ 8.72 ਪੌਡ |
21 ਸਾਲ ਤੋਂ 24 ਸਾਲ ਤੱਕ ਘੱਟੋ ਘੱਟ 8.20 ਪੌਡ |
18 ਤੋਂ 20 ਸਾਲ ਲਈ 6.45 ਪੌਡ |
18 ਸਾਲ ਤੋਂ ਘੱਟ ਉਮਰ ਦੇ ਕਾਮਿਆਂ ਲਈ 4.55 ਪੌਡ |
ਅਤੇ ਸਿਖਾਂਦਰੂਆਂ ਲਈ 4.15 ਪੌਡ ਮਿਥੀ ਗਈ ਹੈ |
ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ 2024 ਤੱਕ ਘੱਟੋ ਘੱਟ ਤਨਖ਼ਾਹ 10.50 ਪੌਡ ਕਰਨ ਦਾ ਟੀਚਾ ਹੈ |