You are here

ਸਲੇਮਪੁਰੀ ਦੀ ਚੂੰਢੀ - ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

ਦੇਸ਼ ਮੇਰੇ ਦੀ ਹਾਲਤ 

ਡਾਹਡੀ ਮਾੜੀ ਆ। 

ਮਜ਼ਲੂਮਾਂ 'ਤੇ ਚੱਲਦੀ ਕਹਿਰ,

ਕੁਹਾੜੀ ਆ। 

ਦੇਸ਼ ਮੇਰੇਵਿੱਚਫਿਰਦਾ'ਭਗਵਾਂ'        

ਜਿੰਨ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਗੰਢੇ ਹੋ ਗਏ ਮਹਿੰਗੇ, 

ਰੋਟੀ ਲੱਭਦੀ ਨਾ। 

ਭੁੱਖ ਮਰੀ ਤੇ ਬੇਰੁਜ਼ਗਾਰੀ 

ਛੱਡਦੀ ਨਾ। 

ਜੀ ਐਸ ਟੀ ਨੇ ਦਿੱਤਾ ਸਾਨੂੰ   

 ਰਿੰਨ੍ਹ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਹੱਕਾਂ ਖਾਤਰ ਲੱਗਦੇ ਥਾਂ ਥਾਂ, 

ਧਰਨੇ ਨੇ। 

ਨਿੱਜੀਕਰਨ ਨੇ ਪਾ ਤੇ ਲੋਕੀਂ

ਪੜਨੇ ਨੇ। 

ਸ਼ਾਹੂਕਾਰਾਂ ਨੇ ਦੇਸ਼ ਨੂੰ ਦਿੱਤਾ   

 ਪਿੰਜ ਸੱਜਣਾ।

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਝੂਠੇ ਪੁਲਿਸ ਮੁਕਾਬਲੇ,

ਇਥੇ ਹੁੰਦੇ ਨੇ। 

ਹੁਕਮਰਾਨਾਂ ਦੀ ਸ਼ਹਿ 'ਤੇ, 

ਘੁੰਮਦੇ ਗੁੰਡੇ ਨੇ। 

ਝੂਠਾ ਪਰਚਾ ਪੈਣ ਨੂੰ,ਲੱਗਦਾ   

 ਬਿੰਦ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

 ਰਿਸ਼ਵਤਖੋਰੀ ਚੱਲਦੀ ਪੂਰੇ 

ਜੋਰਾਂ 'ਤੇ। 

ਬੈਂਕਾਂ ਸੱਭ ਹਵਾਲੇ  ਵੱਡੇ 

 ਚੋਰਾਂ ਦੇ। 

'ਸਵਿਸ' ਤੋਂ ਆਉਣੇ ਪੈਸੇ ਕਿਹੜੇ

ਦਿਨ ਸੱਜਣਾ? 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ।

ਏਅਰ ਇੰਡੀਆ ਡੁੱਬਗੀ ਇੰਡੀਆ 

ਡੁੱਬ ਚੱਲਿਆ। 

ਦੇਸ਼ ਮੇਰੇ ਚੋਂ ਸ਼ਬਦ 'ਤਰੱਕੀ '

ਮੁੱਕ ਚੱਲਿਆ। 

ਸੱਭ ਸਰਕਾਰੀ ਮਹਿਕਮੇ ਬਣਗੇ 

ਨਿੱਜ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਨਵੇਂ ਕਾਨੂੰਨ ਨੂੰ ਲੈ ਕੇ 

 ਭਾਂਬੜ ਬਲਦੇ ਨੇ । 

ਅਸਮ, ਕਸ਼ਮੀਰ ਤੇ ਯੂਪੀ

 ਕਿੱਦਾਂ ਜਲਦੇ ਨੇ?

ਖੂਹ ਚੋਂ ਮੁੱਕਿਆ ਪਾਣੀ ਖਾਲੀ 

  ਟਿੰਡ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਸੱਭ ਮਹਿਕਮੇ ਵਿਕਗੇ, 

ਕੂੰਡਾ  ਹੋ ਚੱਲਿਆ। 

ਨਿੱਜੀਕਰਨ ਨੇ ਦੇਸ਼ ਨੂੰ 

 ਘੇਰਾ ਪਾ ਘੱਤਿਆ। 

ਠੇਕੇਦਾਰੀ ਸਿਸਟਮ 

ਬਣਿਆ ਜਿੰਨ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ!

-ਸੁਖਦੇਵ ਸਲੇਮਪੁਰੀ  09780620233