You are here

6 ਪੋਹ (21 ਦਸੰਬਰ) ਗੌਰਵਮਈ ਸਿੱਖ ਇਤਿਹਾਸ ਦਾ ਨਿੱਕੀਆਂ ਜ਼ਿੰਦਾਂ-ਵੱਡਾ ਸਾਕਾ ਅਰੰਭ ਹੁੰਦਾ ਹੈ

ਮਿਤੀ: 6 ਪੋਹ (21 ਦਸੰਬਰ, 2019)  ਦਿਨ ਦਾ  ਸਿੱਖ ਇਤਿਹਾਸ

ਪਿਛੋਕੜ: ਵਜ਼ੀਰ ਖ਼ਾਨ ਦੁਆਰਾ ਭੇਜੇ ਗਏ ਪੈਗ਼ਾਮ ਨਾਲ ਪਹਾੜੀ ਰਾਜਿਆਂ ਅਤੇ ਮੁਗਲਾਂ ਵਿੱਚ ਸਮਝੌਤਾ ਹੋਣ ਉਪਰੰਤ ਉਨ੍ਹਾਂ ਨੇ ਰਲ਼ ਕੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਉੱਤੇ ਧਾਵਾ ਬੋਲ ਦਿੱਤਾ ਸੀ ਅਤੇ ਜੰਗ ਚੱਲ ਰਹੀ ਸੀ। 

6 ਮਹੀਨੇ ਬੀਤ ਗਏ, ਮੁਗਲਾਂ ਅਤੇ ਪਹਾੜੀ ਰਾਜਿਆਂ ਦੇ ਸਿਪਾਹੀਆਂ ਵਿੱਚ ਬਿਮਾਰੀ ਫੈਲਣ ਲੱਗ ਪਈ।

ਕਿਲ੍ਹੇ ਵਿੱਚ ਰਹਿ ਰਹੇ ਸਿੰਘਾਂ ਕੋਲ ਵੀ ਖਾਣ-ਪੀਣ ਦਾ ਸਮਾਨ ਮੁੱਕਣ ਲੱਗਾ। ਅੱਤ ਦੀ ਸਰਦੀ ਵਿੱਚ ਉਨ੍ਹਾਂ ਕੋਲ ਜ਼ਰੂਰਤ ਦਾ ਸਮਾਨ ਵੀ ਥੋੜ੍ਹਾ ਰਹਿ ਗਿਆ। 

ਇਸ ਔਖੇ ਸਮੇਂ ਦੌਰਾਨ 40 ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਕਿ 'ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ ' ਅਤੇ ਕਿਲ੍ਹਾ ਛੱਡ ਕੇ ਚਲੇ ਗਏ। 

ਵਜ਼ੀਰ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਨੇਹਾ ਭੇਜਿਆ ਕਿ ਜੇਕਰ ਸਿੱਖ ਚੁੱਪ-ਚਾਪ ਅਨੰਦਪੁਰ ਸਾਹਿਬ ਦਾ ਕਿਲ੍ਹਾ ਖ਼ਾਲੀ ਕਰ ਦੇਣ ਤਾਂ ਪਹਾੜੀ ਰਾਜੇ ਅਤੇ ਮੁਗ਼ਲ ਸੈਨਾ ਉਨ੍ਹਾਂ ਤੇ ਹਮਲਾ ਨਹੀਂ ਕਰੇਗੀ। ਆਪਣੇ ਵਾਅਦਿਆਂ ਦਾ ਭਰੋਸਾ ਦਿਵਾਉਣ ਲਈ ਮੁਗਲਾਂ ਅਤੇ ਹਿੰਦੂ ਰਾਜਿਆਂ ਨੇ ਕੁਰਾਨ ਅਤੇ ਗਊ ਦੀਆਂ ਕਸਮਾਂ ਵੀ ਖਾਧੀਆਂ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮੁਗਲਾਂ ਅਤੇ ਹਿੰਦੂ ਰਾਜਿਆਂ ਦੀ ਮਾੜੀ ਨੀਅਤ ਦੇ ਜਾਣੂ ਸਨ ਪਰ ਸਿੰਘਾਂ ਦੇ ਕਹਿਣ ਤੇ ਗੁਰੂ ਜੀ ਨੇ ਸ਼ਾਂਤੀ ਨਾਲ ਕਿਲ੍ਹਾ ਖਾਲੀ ਕਰ ਦੇਣ ਦਾ ਪ੍ਰਸਤਾਵ ਪਰਵਾਨ ਕਰ ਲਿਆ। 

ਇਸ ਦੌਰਾਨ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਅਤੇ ਹੋਰ ਸਿੰਘਾਂ ਦੇ ਜਥੇ ਨਾਲ ਅੱਗੇ-ਅੱਗੇ ਅਤੇ ਵੱਡੇ ਸਾਹਿਬਜ਼ਾਦੇ ਸਾਰੇ ਸਿੰਘਾਂ ਦੇ ਪਿੱਛੇ-ਪਿੱਛੇ ਜਥੇ ਦੀ ਰਾਖੀ ਕਰਦੇ ਚੱਲ ਪਏ। 

 ਵਜ਼ੀਰ ਖ਼ਾਨ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਜੀ ਅਤੇ ਸਿੰਘ ਕਿਲ੍ਹਾ ਖਾਲੀ ਕਰ ਕੇ ਜਾ ਰਹੇ ਹਨ ਤਾਂ ਉਸਨੇ ਆਪਣੀਆਂ ਸਾਰੀਆਂ ਕਸਮਾਂ ਤੋੜ ਦਿੱਤੀਆਂ ਅਤੇ ਪਿੱਛੇ ਤੋਂ ਸਿੰਘਾਂ ਤੇ ਹਮਲਾ ਬੋਲ ਦਿੱਤਾ।

ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਿੰਘ ਸ਼ਾਂਤੀ ਅਤੇ ਦ੍ਰਿੜ੍ਹਤਾ ਦੇ ਪੂਰਕ ਸਨ। ਉਨ੍ਹਾਂ ੬ ਮਹੀਨੇ ਬਹੁਤ ਔਖਾ ਸਮਾਂ ਗੁਜ਼ਾਰਿਆ ਪਰ ਆਪਣੇ ਧਰਮ ਵਿੱਚ ਅਡੋਲ ਰਹੇ। ਗੁਰੂ ਜੀ ਅਤੇ ਸਿੰਘਾਂ ਨੇ ਵਜ਼ੀਰ ਖ਼ਾਨ ਅਤੇ ਹਿੰਦੂ ਰਾਜਿਆਂ ਦੀਆਂ ਧਰਮੀ ਕਸਮਾਂ ਤੇ ਭਰੋਸਾ ਕੀਤਾ ਅਤੇ ਬਿਨਾਂ ਕੁਝ ਕਹੇ ਕਿਲ੍ਹਾ ਖਾਲੀ ਕਰ ਦਿੱਤਾ। 

ਆਓ ਅੱਜ ਆਪਾਂ ਇਹ ਪ੍ਰਣ ਕਰੀਏ ਕਿ ਅਸੀਂ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਿੰਘਾਂ ਵਾਂਗ ਸ਼ਾਂਤੀ ਅਤੇ ਦ੍ਰਿੜ੍ਹਤਾ ਨਾਲ ਜੀਵਨ ਬਿਤਾਉੰਦਿਆਂ ਘਰਾਂ ਦੇ ਸੁੱਖ ਅਰਾਮ ਛੱਡ ਕੇ ਗੁਰੂ ਕੌਮ ਦੀ ਚੜ੍ਹਦੀ ਕਲਾ ਹਿੱਤ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਬਰ ਤਿਆਰ ਰਹਾਂਗੇ। ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।

 ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

atampargas@gmail.com

www.atampargas.org

 99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਜਨ ਸਕਤੀ ਨਿਉਜ ਬਹੁਤ ਧੰਨਵਾਦੀ ਹੈ ਜੀਵੀਏ ਗੁਰਬਾਣੀ ਨਾਲ ਲਹਿਰ ,ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦਾ ਅਤੇ ਸ ਹਰਨਰਾਇਣ ਸਿੰਘ ਮੱਲ੍ਹੇਆਣਾ ਜੀ ਜਿਨ੍ਹਾਂ ਇਹ ਭਰਭੂਰ ਜਾਣਕਾਰੀ ਸਾਂਝੀ ਕੀਤੀ-

ਅਮਨਜੀਤ ਸਿੰਘ ਖਹਿਰਾ