ਲੰਡਨ,ਦਸੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)-
ਭਾਰਤ ਸਰਕਾਰ ਨਾਲ ਵਿਦੇਸ਼ਾਂ ਵਿਚ ਵੱਸਦੇ ਪੁਰਾਣੇ ਖਾਲਿਸਤਾਨੀ ਆਗੂਆਂ ਵਲੋਂ ਕੀਤੀ ਮੁਲਾਕਾਤ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਸ਼ੋਸ਼ਲ ਮੀਡੀਆ 'ਤੇ ਮੁਲਾਕਾਤ ਕਰਨ ਵਾਲੇ ਸਿੱਖ ਆਗੂਆਂ ਦੀ ਵੱਡੇ ਪੱਧਰ 'ਤੇ ਆਲੋਚਨਾ ਹੋ ਰਹੀ ਹੈ, ਤੇ ਉਨ੍ਹਾਂ ਨੂੰ ਤੰਨਜ ਕੱਸੇ ਜਾ ਰਹੇ ਹਨ | ਇਸ ਸਬੰਧੀ ਖਾਲਿਸਤਾਨ ਜਲਾਵਤਨ ਸਰਕਾਰ ਦੇ ਰਾਸ਼ਟਰਪਤੀ ਸੇਵਾ ਸਿੰਘ ਲੱਲੀ ਨੇ ਕਿਹਾ ਕਿ ਉਹ ਚਿਰਾਂ ਤੋਂ ਚਾਹੁੰਦੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਤੇ ਦਲ ਖਾਲਸਾ ਵਾਂਗ ਪੰਜਾਬ ਵਿਚ ਜਾ ਕੇ ਸਿੱਖਾਂ ਦੇ ਹੱਕਾਂ ਦੀ ਆਵਾਜ਼ ਤੇ ਖਾਲਿਸਤਾਨ ਦੀ ਗੱਲ ਕੀਤੀ ਜਾਵੇ, ਜਿਸ ਦੀ ਸ਼ੁਰੂਆਤ ਕਈ ਸਾਲ ਪਹਿਲਾਂ ਲਿਖਤੀ ਰੂਪ ਵਿਚ ਹੋਈ ਸੀ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨਾਲ ਗੱਲਬਾਤ ਲਿਖਤੀ ਏਜੰਡੇ 'ਤੇ ਹੀ ਹੋਈ ਹੈ, ਜਿਸ ਵਿਚ 1984 ਵਿਚ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ, ਪੰਜਾਬ ਅੰਦਰ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਸਿਆਸਤਦਾਨਾਂ ਨੂੰ ਸਜ਼ਾ ਤੇ ਲੰਮੇਂ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਆਦਿ ਮੁੱਦੇ ਸ਼ਾਮਿਲ ਸਨ | ਉਨ੍ਹਾਂ ਇਹ ਵੀ ਕਿਹਾ ਕਿ ਇਸ ਗੱਲਬਾਤ ਦਾ ਭਾਰਤ ਸਰਕਾਰ ਵਲੋਂ ਹਾਂ ਪੱਖੀ ਹੁੰਗਾਰਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਇਹ ਮੁਲਾਕਾਤ ਨਿੱਜੀ ਮੁਫਾਦਾਂ ਲਈ ਨਹੀਂ ਬਲਕਿ ਕੌਮ ਦੇ ਭਲੇ ਲਈ ਹੋਈ ਹੈ ਪਰ ਅਫਸੋਸ ਕਿ ਕੁਝ ਲੋਕਾਂ ਵਲੋਂ ਮੀਟਿੰਗ ਨੂੰ ਲੈ ਕੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ |