ਯੋਗ ਯੁਵਕਾਂ/ਯੁਵਤੀਆਂ ਤੋਂ 16 ਦਸੰਬਰ ਤੱਕ ਅਰਜ਼ੀਆਂ ਮੰਗੀਆਂ
ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਯੁਵਕ ਸੇਵਾਵਾਂ ਵਿਭਾਗ, ਲੁਧਿਆਣਾ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਮਹੀਨਾ ਦਸੰਬਰ ਤੇ ਜਨਵਰੀ 2019-20 ਦੌਰਾਨ ਅੰਤਰਰਾਜੀ ਦੌਰਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਅੰਤਰਰਾਜੀ ਦੌਰੇ ਵਿੱਚ ਜ਼ਿਲੇ ਦੇ ਲਗਭਗ 42 ਨੌਜਵਾਨ (ਯੁਵਕ/ਯੁਵਤੀਆਂ) ਸ਼ਾਮਿਲ ਹੋਣਗੇ। ਇਹ ਦੌਰਾ ਨਾਨਕਮੱਤਾ, ਨੈਨੀਤਾਲ, ਰੀਠਾ ਸਾਹਿਬ ਤੇ ਹੋਰ ਨਜ਼ਦੀਕੀ ਥਾਵਾਂ (ਉੱਤਰਾਖੰਡ ਰਾਜ) ਵਿਖੇ ਕੀਤਾ ਜਾਵੇਗਾ। ਇਹ ਦੌਰਾ 10 ਦਿਨਾਂ ਦਾ ਹੋਵੇਗਾ। ਇਸ ਦੌਰੇ ਵਿੱਚ ਵਿਦਿਆਰਥੀ/ਵਿਦਿਆਰਥਣਾਂ, ਗੈਰ ਵਿਦਿਆਰਥੀ, ਐਨ.ਐਸ.ਐਸ. ਵਲੰਟੀਅਰ ਤੇ ਯੁਵਕ ਸੇਵਾਵਾਂ ਵਿਭਾਗ ਨਾਲ ਜੁੜੀਆਂ ਯੂਥ ਕਲੱਬਾਂ ਦੇ ਮੈਂਬਰ ਯੋਗ ਹੋਣਗੇ, ਜੋ ਇਸ ਤੋਂ ਪਹਿਲਾਂ ਵਿਭਾਗ ਵੱਲੋਂ ਆਯੋਜਿਤ ਕਿਸੇ ਵੀ ਯੂਨੀਵਰਸਿਟੀ ਲੀਡਰਸ਼ਿਪ ਕੈਂਪ, ਲੀਡਰਸ਼ਿਪ ਟ੍ਰੇਨਿੰਗ ਕੈਂਪ ਜਾਂ ਅੰਤਰਰਾਜੀ ਦੌਰੇ ਵਿੱਚ ਸ਼ਾਮਿਲ ਨਹੀਂ ਹੋਏ। ਕਿਸੇ ਵੀ ਸ਼ਹਿਰ ਦੇ ਵਾਰਡ ਜਾਂ ਪਿੰਡ ਤੋਂ ਇੱਕ ਤੋਂ ਵੱਧ ਨੌਜਵਾਨਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਅੰਤਰਰਾਜੀ ਦੌਰੇ ਵਿੱਚ ਸ਼ਾਮਿਲ ਹੋਣ ਲਈ ਨੌਜਵਾਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇਸ ਦੌਰੇ ਦੌਰਾਨ ਖਾਣ-ਪੀਣ ਤੇ ਰਹਿਣ-ਸਹਿਣ 'ਤੇ ਕਿਰਾਇਆ ਵਿਭਾਗ ਵੱਲੋਂ ਅਦਾ ਕੀਤਾ ਜਾਵੇਗਾ।ਇਹ ਦੌਰਾ ਨੌਜਵਾਨਾਂ ਵਿੱਚ ਦੇਸ਼ ਦੇ ਪ੍ਰਤੀ ਗਿਆਨ ਵਰਦਾਨ ਅਤੇ ਉਨਾਂ ਵਿੱਚ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਤੇ ਅਰਜੀਆਂ ਦੇਣ ਸਬੰਧੀ ਦਫ਼ਤਰ ਡਿਪਟੀ ਕਮਿਸ਼ਨਰ, ਲੁਧਿਆਣਾ ਤੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਲੁਧਿਆਣਾ (ਡੀ.ਸੀ.ਕੰਪਲੈਕਸ, ਦੂਸਰੀ ਮੰਜਿਲ, ਕਮਰਾ ਨੰ: 309) ਫੋਨ ਨੰ: 0161-2772187 ਅਤੇ 70097-79153 'ਤੇ ਸੰਪਰਕ ਕਰੋ। ਅਰਜੀ ਦੇਣ ਦੀ ਆਖਰੀ ਮਿਤੀ 16 ਦਸੰਬਰ 2019 ਹੈ।