You are here

ਪਾਕਿ ਖ਼ਿਲਾਫ਼ ਸਖ਼ਤ ਕਾਰਵਾਈ ਦੇ ਰੌਂਅ ’ਚ ਭਾਰਤ: ਟਰੰਪ

ਵਾਸ਼ਿੰਗਟਨ,  ਫਰਵਰੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਬਹੁਤ ਸਾਰੀਆਂ ਸਮੱਸਿਆਵਾਂ ਹਨ ਅਤੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਕੋਈ ਸਖਤ ਫ਼ੈਸਲਾ ਲੈਣ ’ਤੇ ਵਿਚਾਰ ਕਰ ਰਿਹਾ ਹੈ। ਭਾਰਤ ਨੇ ਹਮਲੇ ਤੋਂ ਬਾਅਦ ਪਾਕਿਸਤਾਨ ਖ਼ਿਲਾਫ਼ ਵੱਡਾ ਕੂਟਨੀਤਕ ਹਮਲਾ ਕਰਦਿਆਂ ਅਤਿਵਾਦ ਨੂੰ ਸ਼ਹਿ ਦੇਣ ਦੀ ਪਾਕਿਸਤਾਨ ਦੀ ਭੂਮਿਕਾ ਦਾ ਪਰਦਾਫਾਸ਼ ਕੀਤਾ ਹੈ। ਇਸ ਤੋਂ ਇਲਾਵਾ ਅਮਰੀਕਾ ਦੀ ਅਗਵਾਈ ਹੇਠ ਕੌਮਾਂਤਰੀ ਭਾਈਚਾਰੇ ਨੇ ਪਾਕਿਸਤਾਨ ’ਤੇ ਦਬਾਅ ਪਾਇਆ ਹੈ ਕਿ ਉਹ ਆਪਣੀ ਜ਼ਮੀਨ ਨੂੰ ਦਹਿਸ਼ਤੀ ਗਰੁੱਪਾਂ ਲਈ ਸੁਰੱਖਿਅਤ ਪਨਾਹਗਾਹ ਬਣਨ ਤੋਂ ਰੋਕੇ ਅਤੇ ਪੁਲਵਾਮਾ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇ। ਚੀਨ ਦੇ ਕਾਰੋਬਾਰੀ ਵਫਦ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਓਵਲ ਦਫ਼ਤਰ ’ਚ ਪੱਤਰਕਾਰਾਂ ਨੂੰ ਕਿਹਾ, ‘ਇਸ ਸਮੇਂ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਲਾਤ ਬਹੁਤ ਖਰਾਬ ਹਨ। ਇਹ ਬਹੁਤ ਖਤਰਨਾਕ ਸਥਿਤੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਦੁਸ਼ਮਣੀ ਖਤਮ ਹੋ ਜਾਵੇ। ਕਾਫੀ ਲੋਕ ਮਾਰੇ ਗਏ ਹਨ। ਅਸੀਂ ਇਸ ਨੂੰ ਖਤਮ ਹੁੰਦਾ ਦੇਖਣਾ ਚਾਹੁੰਦੇ ਹਾਂ। ਅਸੀਂ ਇਸ ਪ੍ਰਕਿਰਿਆ ’ਚ ਕਾਫੀ ਹੱਦ ਤੱਕ ਸ਼ਾਮਲ ਹਾਂ।’ ਰਾਸ਼ਟਰਪਤੀ ਨੇ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ ਵੱਲੋਂ ਮਜ਼ਬੂਤ ਪ੍ਰਤੀਕਿਰਿਆ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਹੈ। ਟਰੰਪ ਨੇ ਕਿਹਾ, ‘ਭਾਰਤ ਕਿਸੇ ਠੋਸ ਫ਼ੈਸਲੇ ’ਤੇ ਵਿਚਾਰ ਕਰ ਰਿਹਾ ਹੈ। ਭਾਰਤ ਨੇ ਹਮਲੇ ’ਚ ਆਪਣੇ ਕਈ ਲੋਕ ਗੁਆਏ ਹਨ। ਮੈਂ ਵੀ ਇਸ ਗੱਲ ਨੂੰ ਸਮਝ ਸਕਦਾ ਹਾਂ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਾਕਿਸਤਾਨ ਨੂੰ 1.3 ਅਰਬ ਡਾਲਰ ਦੀ ਸਹਾਇਤਾ ਰਾਸ਼ੀ ਦਾ ਭੁਗਤਾਨ ਬੰਦ ਕਰ ਦਿੱਤਾ ਹੈ ਕਿਉਂਕਿ ਉਹ ਉਸ ਤਰ੍ਹਾਂ ਅਮਰੀਕਾ ਦੀ ਮਦਦ ਨਹੀਂ ਕਰ ਰਿਹਾ ਸੀ ਜਿਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ। ਹੋਰਨਾਂ ਅਮਰੀਕੀ ਰਾਸ਼ਟਰਪਤੀਆਂ ਦੇ ਰਾਜ ’ਚ ਪਾਕਿਸਤਾਨ ਨੇ ਇਸ ਸਹਾਇਤਾ ਰਾਸ਼ੀ ਦਾ ਬਹੁਤ ਨਾਜਾਇਜ਼ ਫਾਇਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸੇ ਦਰਮਿਆਨ ਉਹ ਪਾਕਿਸਤਾਨ ਨਾਲ ਕੁਝ ਮੀਟਿੰਗਾਂ ਕਰ ਸਕਦੇ ਹਨ।