ਲੰਡਨ,ਨਵੰਬਰ 2019-(ਏਜੰਸੀ)
ਦੁਨੀਆਂ ਭਰ ਦੇ ਵਿਦਵਾਨਾਂ ਅਤੇ ਦੱਖਣੀ ਏਸ਼ੀਆ ਦੇ ਮਾਹਿਰਾਂ ਦੀ ਕਮੇਟੀ ਨੇ ਪਾਕਿਸਤਾਨ ਦਾ ਜਹਾਦ ਅਤੇ ਅਤਿਵਾਦ ਦੀ ਵਿਚਾਰਧਾਰਾ ਤੋਂ ਖਹਿੜਾ ਛੁਡਾਉਣ ਲਈ ਉਸ ਦਾ ‘ਨਵਾਂ ਅਕਸ’ ਉਭਾਰਨ ਦੀਆਂ ਸੰਭਾਵਨਾਵਾਂ ’ਤੇ ਚਰਚਾ ਕੀਤੀ। ਇਸ ’ਚ ਵਿਦੇਸ਼ ਰਹਿ ਰਹੇ ਪਾਕਿਸਤਾਨੀ ਵੀ ਭੂਮਿਕਾ ਨਿਭਾ ਸਕਦੇ ਹਨ। ‘ਜੰਮੂ ਕਸ਼ਮੀਰ ਸਟੱਡੀ ਸੈਂਟਰ ਯੂਕੇ’ ਅਤੇ ਲੰਡਨ ’ਚ ‘ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ’ ਵੱਲੋਂ ਕਰਵਾਏ ਗਏ ਪ੍ਰੋਗਰਾਮ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਪਾਕਿਸਤਾਨ ਦੀ ਕਥਿਤ ‘ਜਹਾਦੀ ਰਣਨੀਤੀ’ 1947 ਦੀ ਹੈ ਜਦੋਂ ਉਸ ਨੇ ਕਸ਼ਮੀਰ ’ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਮੇਟੀ ਦੇ ਮੈਂਬਰਾਂ ਵਿਚਕਾਰ ਇਸ ਗੱਲ ’ਤੇ ਵੀ ਸਹਿਮਤੀ ਸੀ ਕਿ ਵਿੱਤੀ ਐਕਸ਼ਨ ਟਾਸਕ ਫੋਰਸ ਵੱਲੋਂ ਪਾਕਿਸਤਾਨ ਨੂੰ ਕਾਲੀ ਸੂਚੀ ’ਚ ਰੱਖੇ ਜਾਣ ਕਰਕੇ ਉਸ ਦੇ ਤੇਜ਼ੀ ਨਾਲ ਇਕੱਲੇ ਪੈਣ ਦਾ ਖ਼ਤਰਾ ਵੱਧ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਚੀਨ ਇਲਾਕੇ ’ਚ ਆਪਣੇ ਹਿੱਤਾਂ ਨੂੰ ਦੇਖਦਿਆਂ ਪਾਕਿਸਤਾਨ ਦੀ ਕੁਝ ਸਹਾਇਤਾ ਕਰ ਸਕਦਾ ਹੈ। ਲਿਬਰਟੀ ਸਾਊਥ ਏਸ਼ੀਆ ਦੇ ਸੇਥ ਓਲਡਮਿਕਸਨ ਨੇ ਕਿਹਾ,‘‘ਪਾਕਿਸਤਾਨ ਕੋਲ ਆਪਣੇ ਆਪ ਨੂੰ ਖ਼ਿੱਤੇ ’ਚ ਮੋਹਰੀ ਵਜੋਂ ਪੇਸ਼ ਕਰਨ ਦਾ ਨਿਵੇਕਲਾ ਮੌਕਾ ਹੈ। ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ ਵਧੀਆ ਸ਼ੁਰੂਆਤ ਹੈ ਪਰ ਉਸ ਨੂੰ ਜਹਾਦੀ ਵਿਚਾਰਧਾਰਾ ਛੱਡ ਕੇ ਨਵਾਂ ਅਕਸ ਬਣਾਉਣ ਦੀ ਲੋੜ ਹੈ।’’ ਜੌਰਜਟਾਊਨ ਯੂਨੀਵਰਸਿਟੀ ਦੀ ਪ੍ਰੋਫੈਸਰ ਡਾਕਟਰ ਕ੍ਰਿਸਟੀਨ ਫੇਅਰ ਨੇ ਕਿਹਾ ਕਿ ਲੰਡਨ ’ਚ ਪਾਕਿਸਤਾਨੀ ਹਾਈ ਕਮਿਸ਼ਨ ਨੇ ਪ੍ਰੋਗਰਾਮ ਰੱਦ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਉਸ ਦੇ ਨਜ਼ਰੀਏ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਪਾਕਿਸਤਾਨ ਨੂੰ ਮਿਲਦੀ ਸਹਾਇਤਾ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਇਹ ਮੁਲਕ ਨੂੰ ਨੁਕਸਾਨ ਪਹੁੰਚਾ ਰਹੀ ਹੈ।