ਨਵੀਂ ਦਿੱਲੀ, ਨਵੰਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਯੁੱਧਿਆ ਵਿਚ ਰਾਮ ਮੰਦਰ ਦੇ ਮਾਮਲੇ 'ਚ ਦਿੱਤੇ ਫ਼ੈਸਲੇ ਵਿਚ ਸਿੱਖ ਧਰਮ ਨੂੰ 'ਸਿੱਖ ਕਲਟ' ਦੱਸਣ ਦੇ ਸਮੁੱਚੇ ਮਾਮਲੇ ਦੀ ਘੋਖ ਕਰਨ ਲਈ ਸੀਨੀਅਰ ਵਕੀਲਾਂ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ | ਇਸ ਕਮੇਟੀ 'ਚ ਸੀਨੀਅਰ ਵਕੀਲ ਐਚ. ਐਸ. ਫੂਲਕਾ, ਆਰ. ਐਸ. ਪੁਰੀ ਅਤੇ ਏ. ਪੀ. ਐਸ. ਆਹਲੂਵਾਲੀਆ ਸ਼ਾਮਿਲ ਹਨ | ਅਯੁੱਧਿਆ 'ਚ ਰਾਮ ਮੰਦਰ ਬਾਰੇ ਫ਼ੈਸਲਾ ਸੁਣਾਉਣ ਸਮੇਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਸਟਿਸ ਰੰਜਨ ਗੋਗੋਈ ਅਤੇ ਹੋਰ ਜੱਜਾਂ 'ਤੇ ਆਧਾਰਿਤ ਪੰਜ ਮੈਂਬਰੀ ਬੈਂਚ ਨੇ ਸਿੱਖ ਧਰਮ ਨੂੰ 'ਸਿੱਖ ਕਲਟ' ਦੱਸਿਆ ਹੈ | ਇਸ ਮਾਮਲੇ 'ਚ ਜੋ ਵੀ ਸਿੱਖ ਇਤਿਹਾਸ ਨੂੰ ਲੈ ਕੇ ਹਵਾਲਾ ਦਿੱਤਾ ਗਿਆ ਹੈ, ਵਕੀਲਾਂ ਦੀ ਕਮੇਟੀ ਉਸ ਦੀ ਵੀ ਘੋਖ ਕਰੇਗੀ ਅਤੇ ਸਾਰਾ ਅਧਿਐਨ ਕਰਨ ਮਗਰੋਂ ਆਪਣੀ ਰਿਪੋਰਟ ਦਿੱਲੀ ਕਮੇਟੀ ਨੂੰ ਸੌਪੇਗੀ | ਇਸ ਰਿਪੋਰਟ ਮੁਤਾਬਿਕ ਹੀ ਦਿੱਲੀ ਕਮੇਟੀ ਅਗਲੇਰੀ ਕਾਰਵਾਈ ਕਰੇਗੀ | ਉਪਰੋਕਤ ਜਾਣਕਾਰੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਤੀ ਗਈ |