ਨਵੀਂ ਦਿੱਲੀ, ਨਵੰਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- ਇਕ ਸਿੱਖ ਵਿਦਿਆਰਥਣ ਨੂੰ ਕਕਾਰ ਧਾਰਨ ਕੀਤੇ ਹੋਣ ਕਾਰਨ ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ (ਡੀ. ਐਸ. ਐਸ. ਐਸ. ਬੀ.) ਦੀ ਅਧਿਆਪਕ ਭਰਤੀ ਪ੍ਰੀਖਿਆ 'ਚ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਇਮਰੀ ਅਧਿਆਪਕ ਦੀ ਅਸਾਮੀ ਵਾਸਤੇ ਪੀਤਮ ਪੁਰਾ ਦੇ ਅਭਿਨਵ ਪਬਲਿਕ ਸਕੂਲ 'ਚ ਹੋਣ ਵਾਲੀ ਡੀ.ਐਸ.ਐਸ.ਐਸ.ਬੀ. ਦੀ ਪ੍ਰੀਖਿਆ ਦੇਣ ਆਈ ਹਰਲੀਨ ਕੌਰ ਨਾਂਅ ਦੀ ਸਿੱਖ ਵਿਦਿਆਰਥਣ ਨੂੰ ਸਿਰਫ਼ ਇਸ ਕਾਰਨ ਰੋਕਿਆ ਗਿਆ ਕਿਉਂਕਿ ਉਸ ਨੇ ਕਕਾਰ ਧਾਰਨ ਕੀਤੇ ਹੋਏ ਸਨ | ਹਰਲੀਨ ਕੌਰ ਮੁਤਾਬਿਕ ਉਸ ਨੂੰ ਅਧਿਕਾਰੀਆਂ ਵਲੋਂ ਕਕਾਰ ਉਤਾਰਨ ਜਾਂ ਅਦਾਲਤ ਪਾਸੋਂ ਛੋਟ ਦਾ ਹੁਕਮ ਲੈ ਕੇ ਆਉਣ ਦੀ ਗੱਲ ਆਖੀ ਗਈ | ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਮੈਂਬਰ ਹਰਜੀਤ ਸਿੰਘ ਪੱਪਾ ਹੋਰਨਾਂ ਸਮੇਤ ਸਬੰਧਿਤ ਸਕੂਲ ਪੁੱਜੇ ਪ੍ਰੰਤੂ ਪ੍ਰੀਖਿਆ ਕੇਂਦਰ 'ਚ ਮੌਜੂਦ ਸਟਾਫ਼ ਨੇ ਉਨ੍ਹਾਂ ਨਾਲ ਕੋਈ ਗੱਲ ਕਰਨ ਤੋਂ ਪਾਸਾ ਵੱਟੀ ਰੱਖਿਆ | ਕਾਹਲੋਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਅਸੀਂ ਅਦਾਲਤ ਕੋਲੋਂ ਪਹਿਲਾਂ ਹੀ ਹੁਕਮ ਲੈ ਚੁੱਕੇ ਹੋਏ ਹਾਂ ਪਰ ਫਿਰ ਵੀ ਕੇਜਰੀਵਾਲ ਸਰਕਾਰ ਤਾਨਾਸ਼ਾਹੀ ਕਰ ਰਹੀ ਹੈ | ਕਾਹਲੋਂ ਨੇ ਕਿਹਾ ਕਿ ਹੁਣ ਅਸੀਂ ਅਦਾਲਤ ਕੋਲੋਂ ਅਗਲੇ ਹੁਕਮ ਲੈ ਕੇ ਸਿੱਖ ਵਿਦਿਆਰਥੀਆਂ ਦਾ ਪ੍ਰੀਖਿਆ 'ਚ ਬੈਠਣਾ ਯਕੀਨੀ ਬਣਾਵਾਂਗੇ | ਇਸ ਮਾਮਲੇ ਸਬੰਧੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕਰਦਿਆਂ ਕਿਹਾ ਕਿ ਕੇਜਰੀਵਾਲ ਸਰਕਾਰ ਸਿੱਖ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਕਰਨ ਦੀ ਸਾਜਿਸ਼ ਕਰ ਰਹੀ ਹੈ |