ਜਗਰਾਉਂ/ ਲੁਧਿਆਣਾ, ਨਵੰਬਰ 2019-( ਮਨਜਿੰਦਰ ਗਿੱਲ )-
ਜੰਗਲਾਤ ਵਿਭਾਗ ਰੇਂਜ ਜਗਰਾਉਂ ਦੇ ਸਹਿਯੋਗ ਅਤੇ ਐਸ.ਡੀ. ਐਮ ਜਗਰਾਉਂ ਡਾ: ਬਲਜਿੰਦਰ ਸਿੰਘ ਢਿੱਲੋਂ ਦੀ ਪ੍ਰੇਰਣਾ ਨਾਲ ਗਰੀਨ ਪੰਜਾਬ ਮਿਸ਼ਨ ਟੀਮ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਵਲੋਂ ਮੈਗਾ ਹਰਬਲ ਬੂਟਿਆਂ ਦੀ ਪ੍ਰਦਰਸ਼ਨੀ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਲਗਾਈ ਗਈ | ਇਹ ਪ੍ਰਦਰਸ਼ਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ | ਇਸ ਦਾ ਉਦਘਾਟਨ ਸਵਾਮੀ ਸ਼ੰਕਰਾ ਨੰਦ ਤਲਵੰਡੀ ਧਾਮ ਭੂਰੀ ਵਲਿਆਂ ਵਲੋਂ ਕੀਤਾ ਗਿਆ | ਇਸ ਸਮਾਗਮ ਵਿਚ ਹਲਕਾ ਵਿਧਾਇਕਾਂ ਸਰਵਜੀਤ ਕੌਰ ਮਾਣੂਕੇ, ਨਾਇਬ ਤਹਿਸੀਲਦਾਰ ਜਗਰਾਉਂ ਮਨਮੋਹਨ ਕੁਮਾਰ ਕੌਸ਼ਿਕ, ਵਣ ਰੇਂਜ ਅਫ਼ਸਰ ਮੋਹਨ ਸਿੰਘ, ਹਰਸੁਰਿੰਦਰ ਸਿੰਘ ਗਿੱਲ ਅਤੇ ਹੋਰ ਵਾਤਾਵਰਣ ਪ੍ਰੇਮੀ ਪਹੰੁਚੇ ਹੋਏ ਸਨ | ਇਸ ਪ੍ਰਦਰਸ਼ਨੀ ਵਿਚ 30 ਕਿਸਮ ਦੇ ਦਵਾਈ ਯੁਕਤ ਬੂਟਿਆਂ ਨੂੰ ਪ੍ਰਦਰਸ਼ਤ ਕੀਤਾ ਗਿਆ ਅਤੇ ਉਨ੍ਹਾਂ ਦੇ ਗੁਣਾਂ ਨੂੰ ਤਸਵੀਰ ਸਮੇਤ ਵੱਖ-ਵੱਖ ਫਲੈਕਸਾਂ ਤੇ ਲਿਖਿਆ ਗਿਆ | ਇਸ ਪ੍ਰਦਰਸ਼ਨੀ ਵਿਚ ਵੱਡੀ ਗਣਿਤੀ 'ਚ ਲੋਕਾਂ ਨੇ ਸ਼ਮੂਹੀਅਲਤ ਕੀਤੀ ਅਤੇ ਹਰਬਲ ਬੂਟਿਆਂ ਪ੍ਰਤੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਨਾਲ ਨਾਲ ਕਾਦਰ ਦੀ ਸਾਜੀ ਕੁਦਰਤ ਦੇ ਵੀ ਵੱਡੇ ਦਰਦਮੰਦ ਸਨ | ਉਨ੍ਹਾਂ ਨੇ ਕੁਦਰਤੀ ਸਾਧਨਾ ਨੂੰ ਮਨੁੱਖੀ ਰਿਸ਼ਤਿਆਂ ਨਾਲ ਜੋੜ ਕੇ ਇਨ੍ਹਾਂ ਦੀ ਹਿਫ਼ਾਜ਼ਤ ਕਰਨ ਲਈ ਮਨੁੱਖ ਨੂੰ ਪ੍ਰੇਰਿਆ ਸੀ | ਉਨ੍ਹਾਂ ਕਿਹਾ ਕਿ ਵਿਗੜ ਰਹੇ ਵਾਤਾਵਰਣ ਅਤੇ ਵੱਧ ਰਹੀਆਂ ਬਿਮਾਰੀਆਂ ਨੂੰ ਦੇਖਦਿਆਂ ਹੁਣ ਪਦਾਰਥਾਂ ਦੇ ਨਹੀਂ ਬਲਕਿ ਰੁਖ਼ਾਂ ਦੇ ਲੰਗਰ ਲੱਗਣ ਦੀ ਵੱਡੀ ਲੋੜ ਹੈ | ਉਨ੍ਹਾਂ 550ਵੇਂ ਪ੍ਰਕਾਸ਼ ਪੁਰਬ ਮੌਕੇ ਹਰ ਵਿਅਕਤੀ ਨੂੰ ਵਾਤਾਵਰਨ ਦੀ ਸ਼ੁੱਧਤਾ ਤੇ ਸੰਸਾਰ ਅੰਦਰ ਮਨੁੱਖਤਾ ਦਾ ਬੋਲਬਾਲਾ ਸਥਾਪਤ ਕਰਨ ਲਈ ਪ੍ਰਣ ਕਰਨ ਵਾਸਤੇ ਵੀ ਅਪੀਲ ਕੀਤੀ ਗਈ | ਇਸ ਮੌਕੇ ਪ੍ਰੋ: ਕਰਮ ਸਿੰਘ ਸੰਧੂ, ਸਤਪਾਲ ਸਿੰਘ ਦੇਹੜਕਾ ਅਤੇ ਇਕਬਾਲ ਸਿੰਘ ਰਸੂਲਪੁਰ ਨੇ ਦਸਿਆ ਕਿ ਟਰੱਸਟ ਵਲੋਂ ਇਸ ਤੋਂ ਬਾਅਦ ਪਿੰਡਾਂ ਅੰਦਰ ਅਜਿਹੀਆਂ ਪ੍ਰਦਰਸ਼ਨੀਆਂ ਲਗਵਾ ਕੇ ਲੋਕਾਂ ਨੂੰ ਹਰਬਲ ਬੂਟਿਆਂ ਪ੍ਰਤੀ ਜਾਗਰੁਕ ਕਰਵਾਏਗਾ | ਇਸ ਮੌਕੇ ਹਰਨਰਾਇਣ ਸਿੰਘ ਢਿੱਲੋਂ, ਗਗਨਦੀਪ ਕੌਰ, ਸ਼ਿਵ ਕੁਮਾਰ, ਹਰਦਿਆਲ ਸਿੰਘ ਸਹੌਲੀ, ਡਾ: ਨਰਿੰਦਰ ਸਿੰਘ, ਨੀਰਜ ਕੁਮਾਰ, ਅਤੇ ਮੈਂਬਰ ਹਾਜ਼ਰ ਸਨ |