You are here

ਫਤਹਿਗੜ ਸਾਹਿਬ, ਮਾਛੀਵਾੜਾ ਸਾਹਿਬ ਅਤੇ ਰਾਏਕੋਟ ਨੂੰ ਆਪਸੀ ਸੜਕੀ ਅਤੇ ਰੇਲ ਆਵਾਜਾਈ ਨਾਲ ਜੋੜਿਆ ਜਾਵੇ-ਡਾ. ਅਮਰ ਸਿੰਘ

ਫਤਿਹਗੜ ਸਾਹਿਬ ਨੂੰ ਧਾਰਮਿਕ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀ ਦੁਬਾਰਾ ਮੰਗ, ਲੋਕ ਸਭਾ ਮੈਂਬਰ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ

ਰਾਏਕੋਟ/ਲੁਧਿਆਣਾ, ਨਵੰਬਰ 2019-(ਮਨਜਿੰਦਰ ਗਿੱਲ)-​

ਫਤਿਹਗੜ ਸਾਹਿਬ ਨੂੰ ਅੰਤਰਰਾਸ਼ਟਰੀ ਧਾਰਮਿਕ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਲਈ ਯਤਨਸ਼ੀਲ ਹਲਕਾ ਫਤਿਹਗੜ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਪ੍ਰਹਲਾਦ ਸਿੰਘ ਪਟੇਲ ਨਾਲ ਦੁਬਾਰਾ ਮੀਟਿੰਗ ਕਰਕੇ ਆਪਣੀ ਇਸ ਮੰਗ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨਾਂ ਫਤਹਿਗੜ ਸਾਹਿਬ, ਮਾਛੀਵਾੜਾ ਸਾਹਿਬ ਅਤੇ ਰਾਏਕੋਟ ਨੂੰ ਆਪਸੀ ਸੜਕੀ ਅਤੇ ਰੇਲ ਆਵਾਜਾਈ ਨਾਲ ਲਿੰਕ ਕਰਨ ਦੀ ਵੀ ਮੰਗ ਕੀਤੀ ਹੈ। ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀ ਨਾਲ ਹੋਈ ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਅਮਰ ਸਿੰਘ ਨੇ ਫਤਹਿਗੜ ਸਾਹਿਬ ਨੂੰ ਧਾਰਮਿਕ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਨੂੰ ਲੈ ਕੇ ਉਨਾਂ ਵੱਲੋਂ ਕੇਂਦਰੀ ਸੈਰ ਸਪਾਟਾ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੂੰ ਫਤਿਹਗੜ ਸਾਹਿਬ ਤੋਂ ਇਲਾਵਾ ਰਾਏਕੋਟ ਅਤੇ ਮਾਛੀਵਾੜਾ ਕਸਬਿਆਂ ਦੀ ਧਾਰਮਿਕ ਮਹੱਤਤਾ ਬਾਰੇ ਜਾਣੂੰ ਕਰਵਾਇਆ। ਉਨਾਂ ਦੱਸਿਆ ਕਿ ਫਤਿਹਗੜ ਸਾਹਿਬ ਵਿੱਚ ਦਸ਼ਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਮੁਗਲ ਸ਼ਾਸ਼ਕ ਔਰੰਗਜ਼ੇਬ ਅਤੇ ਉਸ ਦੇ ਨਵਾਬ ਵਜ਼ੀਰ ਖਾਨ ਨੇ ਸਿੱਖ ਧਰਮ ਨਾ ਤਿਆਗਣ ਦੀ ਸਜ਼ਾ ਵਜ਼ੋਂ ਜਿਊਂਦਿਆਂ ਹੀ ਦੀਵਾਰ ਵਿੱਚ ਚੁਣਵਾ ਦਿੱਤਾ ਗਿਆ ਸੀ ਅਤੇ ਇਸ ਘਟਨਾ ਦੀ ਸੂਚਨਾ ਗੁਰੂ ਸਾਹਿਬ ਨੂੰ ਰਾਏਕੋਟ ਵਿਖੇ ਮਿਲੀ ਸੀ, ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਰਾਏਕੋਟ (ਗੁਰਦੁਆਰਾ ਟਾਹਲੀਆਣਾ ਸਾਹਿਬ) ਵਿਖੇ ਮੁਗਲ ਰਾਜ ਦੀ ਜੜ ਪੁੱਟੀ ਸੀ। ਜਿਸ ਕਰਕੇ ਇਹ ਨਗਰ ਸਿੱਖਾਂ ਅਤੇ ਮਾਨਵਤਾ ਦੀ ਹਾਮੀ ਭਰਨ ਵਾਲੇ ਲੋਕਾਂ ਵਿੱਚ ਕਾਫ਼ੀ ਮਹੱਤਵਪੂਰਨ ਸਥਾਨ ਰੱਖਦੇ ਹਨ। ਉਨਾਂ ਆਪਣੀ ਮੰਗ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਇਸ ਅਸਥਾਨ 'ਤੇ ਹਰ ਸਾਲ ਕਰੋੜਾਂ ਲੋਕ ਦਰਸ਼ਨ ਕਰਨ ਲਈ ਪੁੱਜਦੇ ਹਨ, ਜਿਸ ਕਾਰਨ ਇਸ ਨਗਰ ਨੂੰ ਬੁਨਿਆਦੀ ਤੌਰ 'ਤੇ ਵਿਕਸਤ ਕਰਨਾ ਸਮੇਂ ਦੀ ਵੱਡੀ ਲੋੜ ਹੈ। ਉਨਾਂ ਨਾਲ ਹੀ ਮੰਗ ਕੀਤੀ ਕਿ ਇੰਨਾਂ ਤਿੰਨ ਨਗਰਾਂ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਇੰਨਾਂ ਤਿੰਨੇ ਨਗਰਾਂ ਨੂੰ ਆਪਸ ਵਿੱਚ ਸੜਕ ਅਤੇ ਰੇਲ ਲਿੰਕ ਰਾਂਹੀਂ ਵੀ ਜੋੜਿਆ ਜਾਵੇ। ਡਾ. ਅਮਰ ਸਿੰਘ ਨੇ ਦੱਸਿਆ ਕਿ ਕੇਂਦਰੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਉਨਾਂ ਨੂੰ ਭਰੋਸਾ ਦਵਾਇਆ ਕਿ ਉਹ ਇਸ ਮੰਗ ਨੂੰ ਗੰਭੀਰਤਾ ਨਾਲ ਲੈ ਕੇ ਜਲਦੀ ਹੀ ਇਸ ਸਬੰਧੀ ਸਬੰਧਤ ਵਿਭਾਗਾਂ ਤੋਂ ਰਿਪੋਰਟ ਪ੍ਰਾਪਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਨਗੇ।