ਨਵੀਂ ਦਿੱਲੀ ਨਵੰਬਰ 2019-(ਏਜੰਸੀ)
ਤੀਸ ਹਜ਼ਾਰੀ ਕੋਰਟ ਕੰਪਲੈਕਸ ’ਚ ਵਕੀਲਾਂ ਅਤੇ ਪੁਲੀਸ ਵਿਚਕਾਰ ਦੁਪਹਿਰ ਨੂੰ ਝੜਪ ਹੋ ਗਈ। ਇਸ ਦੌਰਾਨ ਪੁਲੀਸ ਦੇ 9 ਵਾਹਨਾਂ ਦੀ ਭੰਨ-ਤੋੜ ਕੀਤੀ ਗਈ। ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਝੜਪ ਦੌਰਾਨ ਉਨ੍ਹਾਂ ਦੇ ਦੋ ਸਾਥੀ ਜ਼ਖ਼ਮੀ ਹੋਏ ਹਨ ਜਿਨ੍ਹਾਂ ’ਚੋਂ ਇੱਕ ਵਕੀਲ ਪੁਲੀਸ ਦੀ ਗੋਲੀ ਨਾਲ ਕਥਿਤ ਤੌਰ ’ਤੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ ਪਰ ਪੁਲੀਸ ਨੇ ਗੋਲੀ ਚਲਾਉਣ ਤੋਂ ਇਨਕਾਰ ਕੀਤਾ ਹੈ। ਬਾਰ ਐਸੋਸੀਏਸ਼ਨਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ 4 ਨਵੰਬਰ ਨੂੰ ਰਾਸ਼ਟਰੀ ਰਾਜਧਾਨੀ ਦੀਆਂ ਸਾਰੀਆਂ ਜ਼ਿਲ੍ਹਾ ਅਦਾਲਤਾਂ ’ਚ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਤੀਸ ਹਜ਼ਾਰੀ ਬਾਰ ਐਸੋਸੀਏਸ਼ਨ ਦੇ ਸਕੱਤਰ ਜੈਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਇਕ ਵਕੀਲ ਦੀ ਕਾਰ ਅਤੇ ਪੁਲੀਸ ਦੀ ਜੇਲ੍ਹ ਵੈਨ ਵਿਚਾਲੇ ਟੱਕਰ ਮਗਰੋਂ ਮਾਮਲਾ ਭਖਿਆ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਵਕੀਲ ਨੂੰ ਥਾਣੇ ਲਿਆ ਕੇ ਬੁਰੀ ਤਰ੍ਹਾਂ ਕੁੱਟਿਆ। ਉਨ੍ਹਾਂ ਕਿਹਾ ਕਿ ਕੇਂਦਰੀ ਤੇ ਪੱਛਮੀ ਜ਼ਿਲ੍ਹੇ ਦੇ ਜ਼ਿਲ੍ਹਾ ਜੱਜਾਂ ਸਮੇਤ ਛੇ ਹੋਰ ਜੱਜ ਉਥੇ ਗਏ ਸਨ ਪਰ ਉਹ ਵਕੀਲ ਨੂੰ ਲਾਕਅੱਪ ’ਚੋਂ ਬਾਹਰ ਨਾ ਕਢਵਾ ਸਕੇ ਅਤੇ ਉਸ ਨੂੰ ਲਗਭਗ ਅੱਧੇ ਘੰਟੇ ਬਾਅਦ ਲਾਕਅੱਪ ’ਚੋਂ ਛੱਡਿਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਤਕਰੀਬਨ 20 ਮਿੰਟ ਬਾਅਦ ਪੁਲੀਸ ਨੇ ਚਾਰ ਰਾਊਂਡ ਗੋਲੀਆਂ ਚਲਾਈਆਂ ਜਦੋਂ ਜੱਜ ਮੌਕੇ ਤੋਂ ਬਾਹਰ ਜਾ ਰਹੇ ਸਨ। ਇੱਕ ਵਕੀਲ ਰਣਜੀਤ ਸਿੰਘ ਮਲਿਕ, ਜੋ ਪ੍ਰਦਰਸ਼ਨ ਕਰ ਰਿਹਾ ਸੀ, ਨੂੰ ਗੋਲੀ ਲੱਗੀ ਹੈ। ਜ਼ਖ਼ਮੀ ਵਕੀਲਾਂ ਨੂੰ ਸੇਂਟ ਸਟੀਫਨ ਹਸਪਤਾਲ ਲਿਜਾਇਆ ਗਿਆ। ਚੌਹਾਨ ਨੇ ਦੋਸ਼ ਲਾਇਆ ਕਿ ਪੁਲੀਸ ਨੇ ਵਕੀਲਾਂ ਨਾਲ ਕਥਿਤ ਤੌਰ ’ਤੇ ਹੱਥੋਪਾਈ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਦੀ ਇਕ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਤੇ ਅੱਠ ਹੋਰ ਗੱਡੀਆਂ ਦੀ ਤੋੜ-ਭੰਨ ਕੀਤੀ ਗਈ। ਫਾਇਰ ਵਿਭਾਗ ਨੇ ਅੱਗ ਬੁਝਾਉਣ ਦੀਆਂ 10 ਗੱਡੀਆਂ ਮੌਕੇ ’ਤੇ ਭੇਜੀਆਂ। ਹਿੰਸਾ ਤੋਂ ਬਾਅਦ ਪੁਲੀਸ ਅਤੇ ਦੰਗੇ-ਵਿਰੋਧੀ ਵਾਹਨ ਤਾਇਨਾਤ ਕੀਤੇ ਗਏ। ਇਸ ਦੌਰਾਨ ਵਕੀਲ ਅਦਾਲਤ ਦੇ ਵਿਹੜੇ ਦੇ ਗੇਟ ਅੱਗੇ ਧਰਨਾ ਲਗਾ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਰਹੇ। ਬਾਰ ਕੌਂਸਲ ਆਫ ਦਿੱਲੀ ਦੇ ਚੇਅਰਮੈਨ ਕੇ ਸੀ ਮਿੱਤਲ ਨੇ ਤੀਸ ਹਜ਼ਾਰੀ ਕੋਰਟ ’ਚ ਪੁਲੀਸ ਵੱਲੋਂ ਵਕੀਲਾਂ ’ਤੇ ਕੀਤੇ ਗਏ ਵਹਿਸ਼ੀਆਨਾ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਹੈ ਕਿ ਪੁਲੀਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।