ਲੰਡਨ,ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-
ਬ੍ਰੈਗਜ਼ਿਟ ਦੇ ਅੜਿੱਕੇ ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਚੋਣਾਂ ਕਰਵਾਏ ਜਾਣ ਦੇ ਦਿੱਤੇ ਗਏ ਸੱਦੇ ਨੂੰ ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਹਮਾਇਤ ਦੇ ਦਿੱਤੀ ਹੈ। ਹੁਣ ਇੰਗਲੈਂਡ ’ਚ 12 ਦਸੰਬਰ ਨੂੰ ਵੋਟਾਂ ਪੈਣ ਦੀ ਪੂਰੀ ਸੰਭਾਵਨਾ ਹੈ। ਪਿਛਲੇ ਚਾਰ ਸਾਲਾਂ ’ਚ ਯੂਕੇ ’ਚ ਇਹ ਤੀਜੀਆਂ ਚੋਣਾਂ ਹੋਣਗੀਆਂ। ਸੰਸਦ ਦੀ ਪੰਜ ਵਰ੍ਹਿਆਂ ਦੀ ਮਿਆਦ ਮਈ 2022 ’ਚ ਪੂਰੀ ਹੋਣੀ ਹੈ। ਉਂਜ 1923 ਤੋਂ ਬਾਅਦ ਐਤਕੀਂ ਪਹਿਲੀ ਵਾਰ ਦਸਬੰਰ ’ਚ ਵੋਟਾਂ ਪੈਣਗੀਆਂ। ਹਾਊਸ ਆਫ਼ ਲਾਰਡਜ਼ ਵੱਲੋਂ ਬਿੱਲ ਪਾਸ ਕਰਨ ਮਗਰੋਂ ਹਫ਼ਤੇ ਦੇ ਅਖੀਰ ’ਚ ਇਸ ਸਬੰਧੀ ਕਾਨੂੰਨ ਪਾਸ ਹੋ ਜਾਵੇਗਾ। ਯੂਰੋਪੀਅਨ ਯੂਨੀਅਨ ਵੱਲੋਂ ਬ੍ਰਿਟੇਨ ਦੇ ਬ੍ਰੈਗਜ਼ਿਟ ਤੋਂ ਵੱਖ ਹੋਣ ਦਾ ਸਮਾਂ ਜਨਵਰੀ ਦੇ ਅਖੀਰ ਤੱਕ ਵਧਾਏ ਜਾਣ ਮਗਰੋਂ ਹਾਊਸ ਆਫ਼ ਕਾਮਨਜ਼ ’ਚ ਮੰਗਲਵਾਰ ਦੇਰ ਰਾਤ ਚੋਣਾਂ ਦੀ ਤਰੀਕ ਬਾਬਤ ਵੋਟਿੰਗ ਹੋਈ ਜਿਸ ਨੂੰ 20 ਦੇ ਮੁਕਾਬਲੇ 438 ਦੇ ਫ਼ਰਕ ਨਾਲ ਪਾਸ ਕਰ ਦਿੱਤਾ ਗਿਆ। ਇਸ ਘਟਨਾਕ੍ਰਮ ਨੂੰ ਬੋਰਿਸ ਜੌਹਨਸਨ ਦੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ ਜੋ ਕ੍ਰਿਸਮਸ ਤੋਂ ਪਹਿਲਾਂ ਚੋਣਾਂ ਕਰਾਉਣ ਦੀਆਂ ਕੋਸ਼ਿਸ਼ਾਂ ’ਚ ਸਨ ਤਾਂ ਜੋ ਬ੍ਰੈਗਜ਼ਿਟ ਯੋਜਨਾ ਸਬੰਧੀ ਲੋਕਾਂ ਦਾ ਫ਼ਤਵਾ ਹਾਸਲ ਕੀਤਾ ਜਾ ਸਕੇ। ਸਕੌਟਿਸ਼ ਨੈਸ਼ਨਲ ਪਾਰਟੀ ਅਤੇ ਲਿਬਰਲ ਡੈਮੋਕਰੈਟਸ ਨੇ ਚੋਣਾਂ ਦਸੰਬਰ ’ਚ ਕਰਾਏ ਜਾਣ ਦੇ ਫ਼ੈਸਲੇ ਨੂੰ ਹਮਾਇਤ ਦਿੱਤੀ ਹੈ।