You are here

ਅੱਜ ਦੇ ਦਿਨ (ਮਿਤੀ 30 ਅਕਤੂਬਰ, 2019) ਦਾ ਇਤਿਹਾਸ

ਸਾਕਾ ਪੰਜਾ ਸਾਹਿਬ (ਪਾਕਿਸਤਾਨ)

ਪੰਜਾ ਸਾਹਿਬ ਦੇ ਸਾਕੇ ਦਾ ਸੰਬੰਧ *ਗੁਰੂ ਕੇ ਬਾਗ ਦੇ ਮੋਰਚੇ* ਨਾਲ ਜੁੜਦਾ ਹੈ। ਗੁਰਦੁਆਰਾ ਗੁਰੂ ਕਾ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 13 ਮੀਲ ਦੀ ਦੂਰੀ ਤੇ ਸਥਿਤ ਹੈ। ਇਸ ਗੁਰਦੁਆਰੇ ਦੀ ਜ਼ਮੀਨ ਵਿੱਚ ਸਿੰਘ ਲੰਗਰ ਲਈ ਲੱਕੜਾਂ ਲੈਣ ਜਾਂਦੇ ਸਨ। 8 ਅਗਸਤ, 1922 ਦੇ ਦਿਨ ਲੰਗਰ ਦੀ ਸੇਵਾ ਲਈ ਲੱਕੜੀ-ਬਾਲਣ ਇਕੱਠਾ ਕਰਨ ਗਏ ਸਿੰਘਾਂ ਨੂੰ ਮਹੰਤ ਸੁੰਦਰ ਦਾਸ ਨੇ ਅੰਗਰੇਜ਼ ਪੁਲਿਸ ਕੋਲ ਗ੍ਰਿਫ਼ਤਾਰ ਕਰਵਾ ਦਿੱਤਾ। ਉਨ੍ਹਾਂ ਨੂੰ ਜੁਰਮਾਨੇ ਦੇ ਨਾਲ ਛੇ-ਛੇ ਮਹੀਨੇ ਦੀ ਕੈਦ ਸੁਣਾਈ ਗਈ। ਇਸ ਘਟਨਾ ਕਾਰਨ ਮੋਰਚਾ ਲੱਗ ਗਿਆ। 

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਰ ਰੋਜ਼ 100-100 ਸਿੰਘਾਂ ਦਾ ਜਥਾ ਗੁਰੂ ਕਾ ਬਾਗ ਗੁਰਦੁਆਰੇ ਲਈ ਜਾਂਦਾ। ਇਨ੍ਹਾਂ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਜੇਲ੍ਹਾਂ ਵਿੱਚ ਭੇਜ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ 30 ਅਕਤੂਬਰ (ਕੁਝ ਸ੍ਰੋਤਾਂ ਅਨੁਸਾਰ 31 ਅਕਤੂਬਰ),1922 ਈ. ਨੂੰ ਗ੍ਰਿਫ਼ਤਾਰ ਕੀਤੇ ਸਿੰਘਾਂ ਨੂੰ ਰੇਲਗੱਡੀ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਟਕ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਸੀ। ਇਸ ਰੇਲਗੱਡੀ ਨੇ ਹਸਨ ਅਬਦਾਲ (ਪੰਜਾ ਸਾਹਿਬ) ਦੇ ਸਟੇਸ਼ਨ ਤੋਂ ਲੰਘ ਕੇ ਜਾਣਾ ਸੀ। ਜਦੋਂ ਇਸ ਦੀ ਖ਼ਬਰ ਉੱਥੋਂ ਦੇ ਰਹਿਣ ਵਾਲੇ ਸਿੱਖਾਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਸਟੇਸ਼ਨ ਉੱਤੇ ਗੱਡੀ ਰੋਕ ਕੇ ਗ੍ਰਿਫ਼ਤਾਰ ਕੀਤੇ ਸਿੰਘਾਂ ਨੂੰ ਲੰਗਰ ਛਕਾਉਣ ਦਾ ਫੈਸਲਾ ਕੀਤਾ। 

ਸਾਰੀ ਸੰਗਤ ਨੇ ਮਿਲ ਕੇ ਲੰਗਰ ਤਿਆਰ ਕੀਤਾ ਅਤੇ ਸਟੇਸ਼ਨ ਮਾਸਟਰ ਨੂੰ ਗੱਡੀ ਰੋਕਣ ਦੀ ਬੇਨਤੀ ਕੀਤੀ ਪਰ ਉਸ ਨੇ ਸਰਕਾਰ ਵੱਲੋਂ ਮਿਲੇ ਹੁਕਮਾਂ ਅਨੁਸਾਰ ਗੱਡੀ ਰੋਕਣ ਤੋਂ ਇਨਕਾਰ ਕਰ ਦਿੱਤਾ। ਇਹ ਸੁਣ ਕੇ ਸੰਗਤਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਅਤੇ ਉਨ੍ਹਾਂ ਨੇ ਗੱਡੀ ਵਿੱਚ ਕੈਦ ਕਰ ਕੇ ਲਿਜਾਏ ਜਾ ਰਹੇ ਸਿੰਘਾਂ ਨੂੰ ਹਰ ਹਾਲਤ ਲੰਗਰ ਛਕਾਉਣ ਦਾ ਨਿਰਣਾ ਕਰ ਲਿਆ। ਇਸ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਭਾਈ ਪ੍ਰਤਾਪ ਸਿੰਘ ਜੀ ਅਤੇ ਭਾਈ ਕਰਮ ਸਿੰਘ ਜੀ ਸਮੇਤ ਬਹੁਤ ਸਾਰੇ ਸਿੰਘ-ਸਿੰਘਣੀਆਂ ਗੱਡੀ ਦੀਆਂ ਲਾਈਨਾਂ ਵਿੱਚ ਬੈਠ ਗਏ ਅਤੇ ਪਾਠ ਕਰਨ ਲੱਗੇ। ਗੱਡੀ ਤੇਜ਼ ਰਫ਼ਤਾਰ ਨਾਲ ਆਈ ਅਤੇ ਇੰਜਣ ਕੁਝ ਸਿੰਘਾਂ ਨੂੰ ਲਿਤਾੜ ਕੇ ਬੰਦ ਹੋ ਗਿਆ। ਕਈ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਪਰ ਉਨ੍ਹਾਂ ਨੇ ਸੰਗਤ ਨੂੰ ਇਹ ਬੇਨਤੀ ਕੀਤੀ ਕਿ ਉਹ ਪਹਿਲਾਂ ਕੈਦੀ ਸਿੰਘਾਂ ਨੂੰ ਭੋਜਨ ਛਕਾਉਣ ਅਤੇ ਬਾਅਦ ਵਿੱਚ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ, ਕਿਉਂਕਿ ਜੇਕਰ ਉਨ੍ਹਾਂ ਨੂੰ ਗੱਡੀ ਦੇ ਹੇਠੋਂ ਕੱਢ ਲਿਆ ਗਿਆ ਤਾਂ ਡਰਾਈਵਰ ਗੱਡੀ ਭਜਾ ਕੇ ਲੈ ਜਾਵੇਗਾ। ਇਸੇ ਤਰ੍ਹਾਂ ਹੀ ਕੀਤਾ ਗਿਆ। ਸਿੰਘਾਂ ਨੂੰ ਪ੍ਰਸ਼ਾਦਾ-ਪਾਣੀ ਛਕਾਉਣ ਤੋਂ ਬਾਅਦ ਜ਼ਖ਼ਮੀ ਸਿੰਘਾਂ ਨੂੰ ਗੱਡੀ ਹੇਠੋਂ ਕੱਢਿਆ ਗਿਆ ਅਤੇ ਗੱਡੀ ਨੂੰ ਰਵਾਨਾ ਕੀਤਾ ਗਿਆ। ਬਾਅਦ ਵਿੱਚ ਭਾਈ ਪ੍ਰਤਾਪ ਸਿੰਘ ਜੀ ਅਤੇ ਭਾਈ ਕਰਮ ਸਿੰਘ ਜੀ ਦੋਵੇਂ ਸਿੰਘ ਸ਼ਹੀਦ ਹੋ ਗਏ। 

ਇਸ ਗੱਡੀ ਨੂੰ ਚਲਾਉਣ ਵਾਲੇ ਡਰਾਈਵਰ ਦੇ ਵਿਰੁੱਧ ਅੰਗਰੇਜ਼ ਸਰਕਾਰ ਵੱਲੋਂ ਕੇਸ ਚਲਾਇਆ ਗਿਆ ਕਿ ਇਸ ਨੇ ਇੱਥੇ ਗੱਡੀ ਕਿਉਂ ਰੋਕੀ ਸੀ। ਪੜਤਾਲ ਦੌਰਾਨ ਇਸ ਗੱਡੀ ਦੇ ਡਰਾਈਵਰ ਨੇ ਬਿਆਨ ਦਿੱਤਾ ਸੀ ਕਿ ਮੈਨੂੰ ਇਸ ਸਟੇਸ਼ਨ ਉੱਤੇ ਕਿਸੇ ਵੀ ਕੀਮਤ ਤੇ ਗੱਡੀ ਖੜ੍ਹੀ ਨਾ ਕਰਨ ਦਾ ਹੁਕਮ ਮਿਲਿਆ ਸੀ ਪਰ ਜਦੋਂ ਗੱਡੀ ਇਨ੍ਹਾਂ ਸਿੰਘਾਂ ਨਾਲ ਆ ਕੇ ਟਕਰਾਈ ਤਾਂ ਮੈਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਗੱਡੀ ਕਿਸੇ ਪਹਾੜ ਨਾਲ ਟਕਰਾ ਗਈ ਹੋਵੇ। ਇੰਜਣ ਦੀ ਪੜਤਾਲ ਕਰਨ ਤੇ ਵੀ ਇਹ ਹੀ ਨਤੀਜਾ ਨਿਕਲਿਆ ਕਿ ਇਸ ਨੂੰ ਬ੍ਰੇਕ ਨਹੀਂ ਸੀ ਲਗਾਈ ਗਈ। ਇਹ ਸਭ ਉਨ੍ਹਾਂ ਸਿੰਘਾਂ ਦੇ ਸਿਦਕ, ਆਪਣੇ ਗੁਰੂ ਉੱਪਰ ਪੂਰਨ ਭਰੋਸੇ ਅਤੇ ਗੁਰਬਾਣੀ ਦੇ ਅਧਿਐਨ ਤੋਂ ਪ੍ਰਾਪਤ ਹੋਈ ਆਤਮਿਕ ਸ਼ਕਤੀ ਦਾ ਨਤੀਜਾ ਸੀ। 

ਇਸ ਤਰ੍ਹਾਂ ਗੁਰੂ ਜੀ ਦੇ ਸਿੰਘਾਂ ਨੇ ਜਾਨਾਂ ਦੀ ਪਰਵਾਹ ਨਾ ਕਰਦਿਆਂ ਸਿੱਖੀ ਸਿਦਕ ਨਿਭਾਇਆ ਅਤੇ ਮਨੁੱਖੀ ਕਦਰਾਂ-ਕੀਮਤਾਂ ਲਈ ਸ਼ਹੀਦ ਹੋ ਕੇ ਦੁਨੀਆ ਸਾਹਮਣੇ ਇੱਕ ਮਿਸਾਲ ਕਾਇਮ ਕੀਤੀ।

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

+91-82880-10531/32

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022