ਲੰਡਨ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-
ਬ੍ਰੈਗਜ਼ਿਟ ਦਾ ਰੇੜਕਾ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਬਰਤਾਨਵੀ ਸੰਸਦ 'ਚ ਗੱਲ ਕਿਸੇ ਕੰਡੇ ਨਾ ਲੱਗਣ ਤੋਂ ਬਾਅਦ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਯੂਰਪੀ ਸੰਘ ਨੂੰ ਇਕ ਪੱਤਰ ਲਿਖ ਕੇ ਬ੍ਰੈਗਜ਼ਿਟ 'ਚ ਦੇਰੀ ਕਰਨ ਨੂੰ ਕਿਹਾ ਹੈ, ਪਰ ਇਸ ਪੱਤਰ 'ਤੇ ਪ੍ਰਧਾਨ ਮੰਤਰੀ ਨੇ ਦਸਤਖ਼ਤ ਨਹੀਂ ਕੀਤੇ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਪੱਤਰ ਉਨ੍ਹਾਂ ਦਾ ਨਹੀਂ ਹੈ ਇਹ ਪੱਤਰ ਸੰਸਦ ਦਾ ਹੈ। ਪ੍ਰਧਾਨ ਮੰਤਰੀ ਨੇ ਇਕ ਦੂਜਾ ਪੱਤਰ ਆਪਣੇ ਦਸਤਖ਼ਤਾਂ ਹੇਠ ਵੀ ਲਿਖਿਆ ਹੈ, ਜਿਸ 'ਚ ਕਿਹਾ ਹੈ ਕਿ ਉਹ ਸੋਚਦੇ ਹਨ ਕਿ ਬ੍ਰੈਗਜ਼ਿਟ 'ਚ ਦੇਰੀ ਵੱਡੀ ਗਲਤੀ ਹੋਵੇਗੀ। ਵਿਦੇਸ਼ ਮੰਤਰੀ ਡੌਮਨਿਕ ਰਾਬ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਸ਼ੱਕ ਨੂੰ ਗਲਤ ਸਾਬਤ ਕਰਕੇ ਨਵੀਂ ਡੀਲ ਕੀਤੀ ਹੈ, ਉਨ੍ਹਾਂ ਨੂੰ ਅਜੇ ਵੀ ਭਰੋਸਾ ਹੈ ਕਿ ਹੈਲੋਵਨ ਮੌਕੇ ਬ੍ਰੈਗਜ਼ਿਟ ਹੋ ਸਕਦਾ ਹੈ, ਮਾਈਕਲ ਗੌਵ ਨੇ ਕਿਹਾ ਹੈ ਕਿ ਸਰਕਾਰ ਕੋਲ 31 ਅਕਤੂਬਰ ਨੂੰ ਵੱਖ ਹੋਣ ਦੀ ਯੋਗਤਾ ਹੈ। ਯੂਰਪੀ ਕੌਸਲ ਦੇ ਪ੍ਰਧਾਨ ਡੋਨਲਡ ਟਸਕ ਨੇ ਵੀ ਪੁਸ਼ਟੀ ਕੀਤੀ ਹੈ ਕਿ ਯੂ. ਕੇ. ਦਾ ਬ੍ਰੈਗਜ਼ਿਟ ਦੇਰੀ ਲਈ ਪੱਤਰ ਮਿਲ ਗਿਆ ਹੈ। ਜਿਸ ਬਾਰੇ ਯੂਰਪੀ ਸੰਘ ਦੇ ਲੀਡਰਾਂ ਨਾਲ ਗੱਲ-ਬਾਤ ਕਰ ਰਹੇ ਹਨ। ਬੌਰਿਸ ਜੌਹਨਸਨ ਨੇ ਉਕਤ ਲੀਡਰਾਂ ਤੇ ਸ੍ਰੀ ਟਸਕ ਨੂੰ ਵੀ ਦੱਸ ਚੁੱਕੇ ਹਨ ਕਿ ਇਹ ਸੰਸਦ ਦਾ ਪੱਤਰ ਹੈ ਮੇਰਾ ਨਹੀਂ। ਇਨ੍ਹਾਂ ਪੱਤਰ ਤੋਂ ਬਾਅਦ ਸਥਿਤੀ ਹੋਰ ਵੀ ਪੇਚੀਦਾ ਤੇ ਭੰਬਲਭੂਸੇ ਵਾਲੀ ਹੋ ਗਈ ਹੈ। ਇਹਨਾਂ ਪੱਤਰਾਂ ਨਾਲ ਬੌਰਿਸ ਜੋਨਸਨ ਆਪਣੇ ਵਿਚਾਰਾਂ ਉਪਰ ਅੜੇ ਨਜਰ ਆ ਰਹੇ ਹਨ।ਬਾਕੀ ਸਮਾਂ ਦੱਸੇ ਗਾ ਕੇ ਕਿ ਕਰਬਟ ਲੈਂਦਾ ਹੈ।