You are here

ਭਾਈ ਜਤਿੰਦਰ ਸਿੰਘ ਨੇ ਬਾਪੂ ਸੂੁਰਤ ਸਿੰਘ ਨਾਲ ਕੀਤੀ ਮੁਲਾਕਾਤ

ਖੰਨਾ ( )-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੁਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ, ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਆਦਿ ਪ੍ਰਮੁੱਖ ਮੰਗਾਂ ਨੂੰ ਲੈ ਕੇ ਬਰਗਾਡ਼ੀ ਵਿਚ ਚੱਲ ਰਹੇ ਮੋਰਚੇ ਨੂੰ ਭੰਗ ਕਰਨ ਉਪਰੰਤ ਸਿੱਖ ਸੰਗਤ ਵਿਚ ਪਾਈ ਜਾ ਰਹੀ ਨਿਰਾਸ਼ਾ ਨੂੰ ਦੂਰ ਕਰਨ ਅਤੇ ਪੰਥਕ ਮਸਲਿਆਂ ਦਾ ਹੱਲ ਕਰਨ ਨੂੰ ਲੈ ਕੇ ਸਰੱਬਤ ਖਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੰਜ ਮੈਂਬਰੀ ਕਮੇਟੀ ਦਾ ਸਿੱਖ ਸੰਗਠਨਾਂ ਨੇ ਸਵਾਗਤ ਕੀਤਾ ਹੈ।ਯੂਨਾਈਟਡ ਅਕਾਲੀ ਦਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਜਤਿੰਦਰ ਸਿੰਘ ਈਸਡ਼ੂ ਨੇ ਡੀ. ਐੱਮ. ਸੀ. ਲੁਧਿਆਣਾ ਵਿਚ ਜ਼ੇਰੇ ਇਲਾਜ ਬਾਪੂ ਸੂਰਤ ਸਿੰਘ ਖਾਲਸਾ ਨਾਲ ਇਸ ਵਿਸ਼ੇ ’ਤੇ ਮੁਲਾਕਾਤ ਕੀਤੀ। ਭਾਈ ਈਸਡ਼ੂ ਨੇ ਕਿਹਾ ਕਿ ਬਰਗਾਡ਼ੀ ਮੋਰਚੇ ਨੂੰ ਇਕਦਮ ਭੰਗ ਕਰਨ ਦੇ ਬਾਅਦ ਸਿੱਖ ਸੰਗਤ ਨੂੰ ਜ਼ਿਆਦਾਤਰ ਸਵਾਲਾਂ ਦੇ ਜਵਾਬ ਨਹੀਂ ਮਿਲੇ।ਇਸ ਨੂੰ ਲੈ ਕੇ ਸੰਗਤ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਬਰਗਾਡ਼ੀ ਮੋਰਚੇ ਦੀਆਂ ਤਿੰਨ ਪ੍ਰਮੁੱਖ ਮੰਗਾਂ ਸਮੇਤ ਹੋਰ ਪੰਥਕ ਮਸਲਿਆਂ ਨੂੰ ਲੈ ਕੇ ਹਵਾਰਾ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦਾ ਉਹ ਸਵਾਗਤ ਕਰਦੇ ਹਨ ਅਤੇ ਇਸ ਕਮੇਟੀ ਨੂੰ ਆਪਣੀਆਂ ਸੇਵਾਵਾਂ ਤੇ ਸਹਿਯੋਗ ਦੇਣਗੇ। ਉਨ੍ਹਾਂ ਮੰਗ ਕੀਤੀ ਕਿ ਇਹ ਕਮੇਟੀ ਜੋ ਅਗਲਾ ਪ੍ਰੋਗਰਾਮ ਤਿਆਰ ਕਰੇਗੀ, ਉਹ ਬਰਗਾਡ਼ੀ ਮੋਰਚੇ ਦੀਆਂ ਤਿੰਨ ਪ੍ਰਮੁੱਖ ਮੰਗਾਂ ਸਮੇਤ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੇ ਮੁੱਦੇ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਪਹਿਲਾਂ ਭਾਈ ਗੁਰਬਖਸ਼ ਸਿੰਘ ਨੇ ਸ਼ਹਾਦਤ ਦਿੱਤੀ ਤੇ ਹੁਣ 4 ਸਾਲਾਂ ਤੋਂ ਬਾਪੂ ਸੂਰਤ ਸਿੰਘ ਖਾਲਸਾ ਇਸੇ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ।