ਮੁੱਲਾਂਪੁਰ ਦਾਖਾ/ਲੁਧਿਆਣਾ, ਅਕਤੂਬਰ 2019 ( ਮਨਜਿੰਦਰ ਗਿੱਲ )-ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸੁਲਤਾਨਪੁਰ ਲੋਧੀ ਵਿਖੇ 550ਵੇਂ ਪਰਕਾਸ਼ ਪੁਰਬ ਮੌਕੇ ਇੱਕ ਵੱਖਰੀ ਸਟੇਜ ਲਾਉਣ ਦਾ ਫੈਸਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਦੇਣ ਲਈ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸਖ਼ਤ ਫਟਕਾਰ ਲਾਈ ਹੈ। ਇਸ ਹਲਕੇ ਵਿਚ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਸਮੇਂ ਮੀਡੀਆਂ ਦੇ ਸਵਾਲਾਂ ਦਾ ਜੁਆਬ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਇੱਕ ਸ਼ਰਧਾਵਾਨ ਸਿੱਖ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਨਿਰਦੇਸ਼ ਸਭ ਤੋਂ ਉੱਪਰ ਹੁੰਦਾ ਹੈ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਹਰਪ੍ਰੀਤ ਸਿੰਘ ਵੱਲੋਂ ਸਾਂਝਾ ਸਮਾਗਮ ਕਰਵਾਉਣ ਸੰਬੰਧੀ ਦਿੱਤੇ ਮਸ਼ਵਰੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦਿਸ਼ਾ ਵਿਚ ਕੀਤੀਆਂ ਅਣਥੱਕ ਕੋਸ਼ਿਸਾਂ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਸਮਾਗਮ ਲਈ ਵੱਖਰੀ ਸਟੇਜ ਲਾਉਣ ਦਾ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਇਸ ਮਕਸਦ ਲਈ ਇੱਕ ਸਾਂਝੀ ਤਾਲਮੇਲ ਕਮੇਟੀ ਬਣਾਈ ਗਈ ਸੀ, ਪਰ ਕਮੇਟੀ ਅੰਦਰ ਕਾਂਗਰਸੀ ਨੁੰਮਾਇੰਦਿਆਂ ਨੇ ਸਾਂਝੇ ਸਮਾਗਮ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ।ਉਹਨਾਂ ਕਿਹਾ ਕਿ ਇਸ ਨਾਲ ਸਿੱਖਾਂ ਵਿਚ ਭੰਬਲਭੂਸਾ ਪੈਦਾ ਹੋਵੇਗਾ। ਕਾਂਗਰਸ ਵੱਲੋਂ ਸਿੱਖ ਕੌਮ ਨੂੰ ਕਮਜ਼ੋਰ ਕਰਨ ਲਈ ਜਾਣਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਹੈ। ਕਾਂਗਰਸੀ ਲੀਡਰਸ਼ਿਪ ਉੱਤੇ ਵਰ੍ਹਦਿਆਂ ਕੇਂਦਰੀ ਮੰਤਰੀ ਨੇ ਅਜਿਹਾ ਪਾਵਨ ਸਮਾਗਮ ਕਰਵਾਉਣ ਲਈ ਉਹਨਾਂ ਦੇ ਕਿਰਦਾਰ ਉੱਤੇ ਸੁਆਲ ਉਠਾਉਂਦਿਆਂ ਪੁੱਛਿਆ ਕਿ ਉਹ ਉਸੇ ਪਾਰਟੀ ਦੇ ਆਗੂ ਹਨ, ਜਿਸ ਨੇ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਸੀ। ਇਹਨਾਂ ਦੇ ਹੱਥ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਲਿੱਬੜੇ ਹੋਏ ਹਨ। ਉਹਨਾਂ ਕਿਹਾ ਕਿ ਵੱਖਰਾ ਸਮਾਗਮ ਕਰਨ ਲਈ ਜੋæਸ ਵਿਖਾ ਰਿਹਾ ਕੈਪਟਨ ਅਮਰਿੰਦਰ ਸਿੰਘ ਵੋਟਰਾਂ ਨੂੰ ਭਰਮਾਉਣ ਲਈ ਸ੍ਰੀ ਗੁਟਕਾ ਸਾਹਿਬ ਦੀ ਝੂਠੀ ਸਹੂੰ ਖਾ ਕੇ ਸਭ ਤੋਂ ਵੱਡੀ ਬੇਅਦਬੀ ਕਰ ਚੁੱਕਿਆ ਹੈ। ਸੂਬੇ ਅੰਦਰ ਰਵਾਇਤ ਅਨੁਸਾਰ ਐਸਜੀਪੀਸੀ ਵੱਲੋਂ ਕਰਵਾਏ ਜਾਂਦੇ ਅਜਿਹੇ ਧਾਰਮਿਕ ਸਮਾਗਮਾਂ ਵਿਚ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਨੂੰ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਹ ਆਪਣੇ ਗੁਰੂ ਸਾਹਿਬ ਦਾ 550ਵਾਂ ਪਰਕਾਸ਼ ਪੁਰਬ ਹੈ। ਬਿਨਾਂ ਕਿਸੇ ਹਊਮੇ ਦੀ ਲੜਾਈ 'ਚ ਉਲਝੇ ਆਓ ਇਸ ਨੂੰ ਰਲ ਕੇ ਮਨਾਈਏ। ਜੇਕਰ ਮੁੱਖ ਮੰਤਰੀ ਅਤੇ ਉਸ ਦੇ ਕੈਬਨਿਟ ਸਾਥੀਆਂ ਅੰਦਰ ਸੱਚਮੁੱਚ ਇਸ ਸਮਾਗਮ ਨੂੰ ਮਨਾਉਣ ਦਾ ਜੋਸ਼ ਹੈ ਤਾਂ ਸਭ ਤੋਂ ਪਹਿਲਾਂ ਉਹ ਸਰਕਾਰ ਦੇ ਬਣਦੇ ਫਰਜ਼ਾਂ ਨੂੰ ਪੂਰਾ ਕਰਨ, ਜਿਹਨਾਂ ਵਿਚ ਸ਼ਰਧਾਲੂਆਂ ਲਈ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਸ਼ਾਮਿਲ ਹੈ, ਜੋ ਕਿ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਅੰਦਰ ਅਜੇ ਤੀਕ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਹੋਰ ਹਸਤੀਆਂ ਦੇ ਸੁਲਤਾਨਪੁਰ ਲੋਧੀ ਆਉਣ ਸੰਬੰਧੀ ਪੁੱਛੇ ਜਾਣ ਤੇ ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ 8 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੀ ਆਈਸੀਪੀ ਦਾ ਉਦਘਾਟਨ ਕਰਨ ਲਈ ਪੰਜਾਬ ਆਉਣਗੇ ਅਤੇ ਐਸਜੀਪੀਸੀ ਵੱਲੋਂ ਆਯੋਜਿਤ ਕੀਤੇ ਧਾਰਮਿਕ ਸਮਾਗਮ ਵਿਚ ਵੀ ਭਾਗ ਲੈਣਗੇ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਐਸਜੀਪੀਸੀ ਦੇ 11 ਨਵੰਬਰ ਦੇ ਸਮਾਗਮ ਵਿਚ ਭਾਗ ਲੈਣਗੇ ਅਤੇ ਭਾਰਤ ਦੇ ਰਾਸ਼ਟਰਪਤੀ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਮੁੱਖ ਸਮਾਗਮ ਦੀ ਪ੍ਰਧਾਨਗੀ ਕਰਨਗੇ। ਆ ਰਹੀਆਂ ਜ਼ਿਮਨੀ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਦੇ ਜਿੱਤਣ ਦੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਸਿਰਫ ਦਾਖਾ ਹਲਕੇ ਵਿਚ ਹੀ ਨਹੀਂ ਸਗੋਂ ਅਕਾਲੀ-ਭਾਜਪਾ ਗਠਜੋੜ ਚਾਰੇ ਸੀਟਾਂ ਉੱੇਤੇ ਜਿੱਤ ਹਾਸਿਲ ਕਰੇਗਾ। ਉਹਨਾਂ ਕਿਹਾ ਕਿ ਮੈ ਵੇਖਿਆ ਹੈ ਕਿ ਲੋਕਾਂ ਅੰਦਰ ਉਹਨਾਂ ਨਾਲ ਕੀਤੇ ਵਾਅਦੇ ਤੋੜਣ ਲਈ ਕਾਂਗਰਸ ਪਾਰਟੀ ਖ਼ਿਲਾਫ ਬਹੁਤ ਜ਼ਿਆਦਾ ਗੁੱਸਾ ਹੈ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਪਿਛਲੇ ਢਾਈ ਸਾਲਾਂ ਦੌਰਾਨ ਕਾਂਗਰਸ ਸਰਕਾਰ ਵੱਲੋਂ ਕੀਤੇ ਨੁਕਸਾਨ ਨੂੰ ਦਰੁਸਤ ਕਰੇਗਾ। ਪੰਜਾਬ ਵਿਚ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਦਾ ਚਿੱਠਾ ਫਰੋਲਦੇ ਹੋਏ ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬੜੀ ਬੇਰਹਿਮੀ ਨਾਲ ਠੱਗਿਆ ਗਿਆ ਹੈ। ਇਸ ਸਰਕਾਰ ਨੇ ਘਰ ਘਰ ਨੌਕਰੀ, ਬੇਰੁਜ਼ਗਾਰੀ ਭੱਤਾ, ਬੁਢਾਪਾ ਅਤੇ ਵਿਧਵਾ ਪੈਨਸ਼æਨਾਂ ਵਿਚ ਵਾਧਾ, ਆਟਾ ਦਾਲ ਸਕੀਮ ਵਿਚ ਚੀਨੀ, ਘਿਓ ਅਤੇ ਚਾਹ ਪੱਤੀ ਸ਼ਾਮਿਲ ਕਰਨਾ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣਾ, ਕਿਸਾਨਾਂ ਦੀ ਮੁਕੰਮਲ ਕਰਜ਼ ਮੁਆਫੀ ਤੋਂ ਇਲਾਵਾ ਸੂਬੇ ਨੂੰ ਨਸ਼ਿਆਂ ਅਤੇ ਰੇਤ ਮਾਫੀਆਂ ਤੋਂ ਨਿਜਾਤ ਦਿਵਾਉਣ ਦੇ ਵਾਅਦੇ ਕੀਤੇ ਸਨ। ਅੱਧੇ ਤੋਂ ਵੱਧ ਸਮਾਂ ਲੰਘ ਗਿਆ ਅਤੇ ਸਰਕਾਰ ਨੇ ਅਜੇ ਤੀਕ ਲੋਕਾਂ ਨਾਲ ਕੀਤਾ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਉਹਨਾਂ ਨੇ ਕਾਂਗਰਸ ਸਰਕਾਰ ਨੂੰ ਲਾਧੋਵਾਲ ਮੈਗਾ ਫੂਡ ਪਾਰਕ ਅਤੇ ਏਮਜ਼ ਬਠਿੰਡਾ ਸ਼ੁਰੂ ਕਰਨ ਦੇ ਰਾਹ ਵਿਚ ਅੜਿੱਕੇ ਪਾਉਣ ਲਈ ਵੀ ਨਿਸ਼ਾਨਾ ਬਣਾਇਆ। ਉਹਨਾਂ ਕਿਹਾ ਕਿ ਇਹ ਦੋਵੇਂ ਪ੍ਰਾਜੈਕਟ ਸਿਰਫ ਬਿਜਲੀ ਦੀ ਘਾਟ ਕਰਕੇ ਲੇਟ ਹੋ ਰਹੇ ਹਨ ਜੋ ਕਿ ਸੂਬਾ ਸਰਕਾਰ ਵਲੋਂ ਦਿੱਤੀ ਜਾਣੀ ਹੈ। ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਪੰਜਾਬ ਅੰਦਰ ਸੁੱਟੇ ਗਏ ਹਥਿਆਰਾਂ ਅਤੇ ਨਸ਼ਿਆਂ ਬਾਰੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਕਿਉਂਕਿ ਮੁੱਖ ਮੰਤਰੀ ਅਮਨ-ਕਾਨੂੰਨ ਉੱਤੇ ਕੰਟਰੋਲ ਖੋ ਚੁੱਕਿਆ ਹੈ। ਮਾਫੀਆ ਵਧ ਫੁੱਲ ਰਿਹਾ ਹੈ। ਜਦੋਂ ਪੁਲਿਸ ਵੀ ਖੁਦ ਨੂੰ ਸੁਰੱਖਿਅਤ ਨਾ ਸਮਝਦੀ ਹੋਵੇ ਤਾਂ ਅਸੀਂ ਆਮ ਲੋਕਾਂ ਦੀ ਸੁਰੱਖਿਆ ਦੀ ਉਮੀਦ ਕਿਵੇਂ ਕਰ ਸਕਦੇ ਹਾਂ। ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਲਈ ਵੋਟਾਂ ਮੰਗਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਇਆਲੀ ਦੀ ਪਿਛਲੀ ਕਾਰਗੁਜ਼ਾਰੀ ਦੇ ਆਧਾਰ ਤੇ ਤੁਹਾਡੇ ਕੋਲੋਂ ਵੋਟਾਂ ਮੰਗਣ ਆਈ ਹਾਂ। ਉਸ ਨੇ ਸਪੋਰਟਸ ਸਟੇਡੀਅਮ ਬਣਾ ਕੇ , ਪਿੰਡਾਂ ਦੇ ਤਾਲਾਬਾਂ ਦੀ ਸਫਾਈ ਕਰਵਾ ਕੇ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੀ ਉਸਾਰੀ ਕਰਵਾ ਕੇ ਇਸ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲ ਦਿੱਤੀ ਹੈ।ਓਹਨਾ ਨਾਲ ਜਿਲਾ ਪ੍ਰਧਾਨ ਬੀਬੀ ਮਨਵਿੰਦਰ ਕੌਰ ਅਤੇ ਸ ਮਨਪ੍ਰੀਤ ਸਿੰਘ ਇਆਲੀ ਨੇ ਵੀ ਵੋਟਰਾਂ ਨੂੰ ਸੰਬੋਧਨ ਕੀਤਾ।