ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜਨ ਦਿਵਸ ਦੇ ਸਬੰਧ ਵਿੱਚ ਜ਼ਿਲ੍ਹਾ ਲੁਧਿਆਣਾ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾਂ ਪੱਧਰੀ ਸੀਨੀਅਰ ਸਿਟੀਜਨ ਦਿਵਸ ਇਸ਼ਮੀਤ ਅਕੈਡਮੀ, ਰਾਜਗੁਰੂ ਨਗਰ, ਲੁਧਿਆਣਾ ਵਿਖੇ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅੰਮ੍ਰਿਤ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਐਨ.ਜੀ.ਓ. ਤੋਂ ਇਲਾਵਾ ਸੀਨੀਅਰ ਸਿਟੀਜ਼ਨ ਐਸੋਸ਼ੀਏਸ਼ਨ ਦੇ ਪ੍ਰਧਾਨ ਸ੍ਰੀ ਐਸ.ਪੀ. ਕਰਕਰਾ ਅਤੇ ਮੈਬਰ ਵੀ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਆਏ ਹੋਏ ਸੀਨੀਅਰ ਸਿਟੀਜ਼ਨਾਂ ਨੂੰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਇੰਦਰਪ੍ਰੀਤ ਕੌਰ ਵੱਲੋਂ ਉਨ੍ਹਾਂ ਦੇ ਹੱਕਾਂ ਪ੍ਰਤੀ ਅਤੇ ਨੈਸ਼ਨਲ ਟਰੱਸਟ ਐਕਟ ਦੇ ਰੂਲਾਂ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇੇਂ ਬਜੁਰਗਾਂ ਦੇ ਮਨੋਰੰਜਨ ਲਈ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਅਤੇ ਸਿਵਲ ਸਰਜਨ ਦਫ਼ਤਰ ਵੱਲੋਂ ਬਜੁਰਗਾਂ ਦਾ ਫਰੀ ਮੈਡੀਕਲ ਚੈੱਕਅਪ ਵੀ ਕੀਤਾ ਗਿਆ। ਇਸ ਤੋਂ ਇਲਾਵਾ ਬਜ਼ੁਰਗਾਂ ਦੀਆਂ ਗੇਮਾਂ ਵੀ ਕਰਵਾਈਆਂ ਗਈਆਂ। ਇਸ ਸਮਾਗਮ ਵਿੱਚ ਬਜ਼ੁਰਗਾਂ ਦੀਆਂ ਸਹੂਲਤਾਂ ਅਤੇ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਵਧੀਆ ਕੰਮ ਕਰ ਰਹੀਆਂ ਐਨ.ਜੀ.ਓ., ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਤੇ ਸੀਨੀਅਰ ਸਿਟੀਜਨਾਂ ਨੂੰ ਇਨਾਮਾਂ ਵਜੋਂ ਟਰਾਫੀਆਂ, ਸ਼ਾਲਾਂ ਅਤੇ ਲੋਈਆਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅੰਮ੍ਰਿਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਇੰਦਰਪ੍ਰੀਤ ਕੌਰ ਨੇ ਸੀਨੀਅਰ ਸੀਟੀਜਨ ਹੋਮ ਦੇ ਇੰਚਾਰਜ ਵੱਲੋਂ ਬਜੁ਼ਰਗਾਂ ਦੀ ਸਾਂਭ-ਸੰਭਾਲ ਲਈ ਕੰਮ ਕਰਨ ਲਈ ਸ਼ਲਾਘਾ ਕੀਤੀ ਗਈ ਅਤੇ ਅੱਗੇ ਤੋਂ ਹੋਰ ਵੀ ਵਧੀਆ ਕਰਨ ਲਈ ਪ੍ਰੇਰਿਆ ਗਿਆ।