ਪੰਜਾਬ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੱਡਾ ਖ਼ੁਲਾਸਾ ਕੀਤਾ ਹੈ। ਈ.ਡੀ. ਅਨੁਸਾਰ, ਭੁੱਲਰ ਦੇ ਕਥਿਤ ਸਹਿਯੋਗੀ ਕ੍ਰਿਸ਼ਾਨੂ ਸ਼ਾਰਦਾ ਨੇ ਆਪਣੇ ਬਿਆਨ ਵਿੱਚ ਮੰਨਿਆ ਹੈ ਕਿ ਉਸ ਦੀ ਰਿਹਾਇਸ਼ ਤੋਂ ਸੀ.ਬੀ.ਆਈ. ਵੱਲੋਂ ਬਰਾਮਦ ਕੀਤੇ ਗਏ 21 ਲੱਖ ਰੁਪਏ ਰੋਪੜ ਦੇ ਡੀ.ਸੀ. ਦਫ਼ਤਰ ਵਿੱਚ ਤਾਇਨਾਤ ਇੱਕ ਕਲਰਕ ਨੇ ਦਿੱਤੇ ਸਨ। ਇਹ ਪੈਸੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਰਜੀਤ ਸਿੰਘ ਦੀ ਜ਼ਮੀਨ ਦੇ ਮੁਆਵਜ਼ੇ ਦਾ ਮਾਮਲਾ ਇੱਕ ਆਈ.ਏ.ਐੱਸ. ਅਧਿਕਾਰੀ ਰਾਹੀਂ ਹੱਲ ਕਰਵਾਉਣ ਬਦਲੇ ਦਿੱਤੇ ਗਏ ਸਨ।
ਈ.ਡੀ. ਨੇ 18 ਤੋਂ 25 ਸਤੰਬਰ 2026 ਤੱਕ ਰਿਮਾਂਡ ਦੌਰਾਨ ਕ੍ਰਿਸ਼ਾਨੂ ਸ਼ਾਰਦਾ ਦੇ ਬਿਆਨ ਪੀ.ਐੱਮ.ਐੱਲ.ਏ. ਦੀ ਧਾਰਾ 50 ਤਹਿਤ ਦਰਜ ਕੀਤੇ ਸਨ। ਇਨ੍ਹਾਂ ਬਿਆਨਾਂ ਨੂੰ ਏਜੰਸੀ ਵੱਲੋਂ ਚੰਡੀਗੜ੍ਹ ਦੀ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਵਿੱਚ ਦਾਇਰ ਕੀਤੀ ਗਈ ਇਸਤਗਾਸਾ ਸ਼ਿਕਾਇਤ (ਚਾਰਜਸ਼ੀਟ) ਦਾ ਹਿੱਸਾ ਬਣਾਇਆ ਗਿਆ ਹੈ।
ਈ.ਡੀ. ਦੀ ਚਾਰਜਸ਼ੀਟ ਮੁਤਾਬਕ, ਸ਼ਾਰਦਾ ਨੇ ਦੱਸਿਆ ਕਿ ਉਸ ਨੇ 2018 ਤੋਂ 2022 ਤੱਕ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿੱਚ ਠੇਕੇ ’ਤੇ ਫਾਇਰਮੈਨ ਵਜੋਂ ਕੰਮ ਕੀਤਾ ਸੀ। ਇਸ ਤੋਂ ਬਾਅਦ 2021 ਤੋਂ 2025 ਤੱਕ ਉਹ ਬੱਚਿਆਂ ਨੂੰ ਹਾਕੀ ਦੀ ਕੋਚਿੰਗ ਦਿੰਦਾ ਰਿਹਾ। ਉਸ ਨੇ ਕੋਚਿੰਗ ਰਾਹੀਂ ਹਰ ਮਹੀਨੇ ਕਰੀਬ 50 ਹਜ਼ਾਰ ਰੁਪਏ ਕਮਾਉਣ ਅਤੇ ਹਾਕੀ ਟੂਰਨਾਮੈਂਟਾਂ ਵਿੱਚ ਨਕਦ ਇਨਾਮ ਮਿਲਣ ਦੀ ਗੱਲ ਵੀ ਕਹੀ ਸੀ।
23 ਸਤੰਬਰ 2026 ਨੂੰ ਦਰਜ ਕੀਤੇ ਗਏ ਬਿਆਨ ਵਿੱਚ ਸ਼ਾਰਦਾ ਨੇ ਕਥਿਤ ਤੌਰ ’ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਕਰਵਾਉਣ ਸਮੇਤ ਵੱਖ-ਵੱਖ ਸਰਕਾਰੀ ਕੰਮ ਕਰਵਾਉਣ ਬਦਲੇ ਲਗਭਗ 15 ਲੱਖ ਰੁਪਏ ਪ੍ਰਾਪਤ ਕਰਨ ਦੀ ਗੱਲ ਮੰਨੀ। ਉਸ ਨੇ ਅਜਿਹੇ ਕਈ ਮਾਮਲਿਆਂ ਦਾ ਵੇਰਵਾ ਵੀ ਦਿੱਤਾ, ਜਿਨ੍ਹਾਂ ਵਿੱਚ ਪੈਸੇ ਲੈ ਕੇ ਸਰਕਾਰੀ ਅਧਿਕਾਰੀਆਂ ਰਾਹੀਂ ਕੰਮ ਕਰਵਾਏ ਗਏ ਸਨ।
ਇੱਕ ਮਾਮਲੇ ਦਾ ਜ਼ਿਕਰ ਕਰਦਿਆਂ ਉਸ ਨੇ ਦੱਸਿਆ ਕਿ ਇੱਕ ਸਰਕਾਰੀ ਅਧਿਕਾਰੀ ਦੀ ਬਦਲੀ ਕਰਵਾਉਣ ਲਈ ਉਸ ਨੂੰ 5 ਲੱਖ ਰੁਪਏ ਮਿਲੇ ਸਨ। ਇਸ ਵਿੱਚੋਂ 3 ਲੱਖ ਰੁਪਏ ਉਸ ਨੇ ਇੱਕ ਵਿਚੋਲੇ ਨੂੰ ਦੇ ਦਿੱਤੇ, ਜਦਕਿ ਬਾਕੀ 2 ਲੱਖ ਰੁਪਏ ਆਪਣੇ ਕਮਿਸ਼ਨ ਵਜੋਂ ਰੱਖ ਲਏ। ਇਸ ਤੋਂ ਇਲਾਵਾ ਸਰਕਾਰੀ ਅਧਿਕਾਰੀਆਂ ਦੀਆਂ ਬਦਲੀਆਂ ਦੀਆਂ ਸੂਚੀਆਂ ਬਾਰੇ ਪਹਿਲਾਂ ਜਾਣਕਾਰੀ ਦੇਣ ਬਦਲੇ ਵੀ ਉਸ ਨੇ ਵੱਖ-ਵੱਖ ਮੌਕਿਆਂ ’ਤੇ ਕਰੀਬ 50 ਹਜ਼ਾਰ ਰੁਪਏ ਲੈਣ ਦੀ ਗੱਲ ਕਹੀ।
21 ਲੱਖ ਰੁਪਏ ਦੀ ਬਰਾਮਦਗੀ ਬਾਰੇ ਸ਼ਾਰਦਾ ਨੇ ਈ.ਡੀ. ਨੂੰ ਦੱਸਿਆ ਕਿ ਇਹ ਰਕਮ ਰੋਪੜ ਦੇ ਡੀ.ਸੀ. ਦਫ਼ਤਰ ਦੇ ਇੱਕ ਕਲਰਕ ਨੇ ਦਿੱਤੀ ਸੀ। ਇਹ ਪੈਸੇ ਅੰਮ੍ਰਿਤਸਰ ਵਾਸੀ ਹਰਜੀਤ ਸਿੰਘ ਦੀ ਜ਼ਮੀਨ ਦੇ ਮੁਆਵਜ਼ੇ ਦਾ ਮਾਮਲਾ ਇੱਕ ਆਈ.ਏ.ਐੱਸ. ਅਧਿਕਾਰੀ ਰਾਹੀਂ ਨਿਪਟਾਉਣ ਦੇ ਬਦਲੇ ਦਿੱਤੇ ਗਏ ਸਨ।
ਈ.ਡੀ. ਨੇ ਕ੍ਰਿਸ਼ਾਨੂ ਸ਼ਾਰਦਾ ਵਿਰੁੱਧ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.), 2002 ਦੀਆਂ ਧਾਰਾਵਾਂ 44(1)(ਬੀ) ਅਤੇ 45 ਤਹਿਤ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।
ਜ਼ਿਕਰਯੋਗ ਹੈ ਕਿ 16 ਅਕਤੂਬਰ 2025 ਨੂੰ ਸੀ.ਬੀ.ਆਈ. ਨੇ ਹਰਚਰਨ ਸਿੰਘ ਭੁੱਲਰ ਅਤੇ ਕ੍ਰਿਸ਼ਾਨੂ ਸ਼ਾਰਦਾ ਨੂੰ ਇੱਕ ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਦੋਸ਼ ਸੀ ਕਿ ਭੁੱਲਰ ਨੇ ਰੋਪੜ ਰੇਂਜ ਦੇ ਡੀ.ਆਈ.ਜੀ. ਵਜੋਂ ਤਾਇਨਾਤੀ ਦੌਰਾਨ ਇੱਕ ਸ਼ਿਕਾਇਤਕਰਤਾ ਤੋਂ ਉਸ ਦੇ ਕਾਰੋਬਾਰ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕਰਨ ਅਤੇ ਸਰਹਿੰਦ ਥਾਣੇ ਵਿੱਚ ਦਰਜ ਐੱਫ.ਆਈ.ਆਰ. ਵਿੱਚ ਪੱਖਪਾਤੀ ਕਾਰਵਾਈ ਕਰਨ ਬਦਲੇ ਕ੍ਰਿਸ਼ਾਨੂ ਸ਼ਾਰਦਾ ਰਾਹੀਂ ਰਿਸ਼ਵਤ ਮੰਗੀ ਸੀ।
ਇਸ ਮਾਮਲੇ ਵਿੱਚ ਸੀ.ਬੀ.ਆਈ. ਦੀ ਜਾਂਚ ਤੋਂ ਬਾਅਦ ਈ.ਡੀ. ਨੇ ਵੀ ਮਨੀ ਲਾਂਡਰਿੰਗ ਦੇ ਪੱਖ ਤੋਂ ਜਾਂਚ ਸ਼ੁਰੂ ਕੀਤੀ ਸੀ। ਹੁਣ ਈ.ਡੀ. ਦੀ ਚਾਰਜਸ਼ੀਟ ਵਿੱਚ ਕੀਤੇ ਗਏ ਇਨ੍ਹਾਂ ਦਾਅਵਿਆਂ ਨੇ ਪੰਜਾਬ ਦੇ ਸਰਕਾਰੀ ਮਹਿਕਮਿਆਂ ਵਿੱਚ ਕਥਿਤ ਭ੍ਰਿਸ਼ਟਾਚਾਰ ਅਤੇ ਅਧਿਕਾਰੀਆਂ ਦੀਆਂ ਬਦਲੀਆਂ ਕਰਵਾਉਣ ਦੇ ਨੈੱਟਵਰਕ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।