ਲੈਸਟਰ / ਇੰਗਲੈਂਡ, ਸਤੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ )-
ਦੁਨੀਆ ਭਰ 'ਚ ਵੱਖ-ਵੱਖ ਸਮੇਂ ਦੌਰਾਨ ਕੁਦਰਤੀ ਕਰੋਪੀ ਜਾਂ ਹੋਰ ਆਫ਼ਤਾਂ ਦਾ ਸ਼ਿਕਾਰ ਹੋਏ ਲੋਕਾਂ ਦੀ ਵੱਖ-ਵੱਖ ਦੇਸ਼ਾਂ 'ਚ ਜਾ ਕੇ ਬਿਨਾਂ ਕਿਸੇ ਭੇਦਭਾਵ ਦੇ ਉਨ੍ਹਾਂ ਦੀ ਸਾਰ ਲੈਣ ਅਤੇ ਉਨ੍ਹਾਂ ਦੀ ਔਖੇ ਸਮੇਂ ਬਾਂਹ ਫੜਨ ਵਾਲੀ ਇਕੋ-ਇਕ ਲੋਕ ਭਲਾਈ ਸੰਸਥਾ ਖਾਲਸਾ ਏਡ ਵਲੋਂ ਹਾਲ ਹੀ 'ਚ ਪੰਜਾਬ ਦੇ ਹੜ੍ਹ ਪੀੜਤਾਂ ਦੀ ਕੀਤੀ ਜਾ ਰਹੀ ਮਦਦ ਤੋ ਪ੍ਰਭਾਵਿਤ ਹੋ ਕੇ ਲੈਸਟਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਰੋਡ , ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਲੈਟਨਿਮ ਪਾਰਕ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ ਰੋਡ ਪ੍ਰਬੰਧਕ ਕਮੇਟੀ ਵਲੋਂ ਕ੍ਰਮਵਾਰ 12,500 ਅਤੇ 10,000 ਅਤੇ 11,111ਪੌਡ ਦੀ ਮਾਲੀ ਸਹਾਇਤਾ ਖਾਲਸਾ ਏਡ ਦੇ ਮੁਖੀ ਸ: ਰਵੀ ਸਿੰਘ ਨੂੰ ਸੌਪੀ ਗਈ ।ਜ਼ਿਕਰਯੋਗ ਹੈ ਕਿ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਦੀ ਜ਼ਿੰਦਗੀ ਮੁੜ ਆਮ ਵਰਗੀ ਬਣਾਉਣ ਲਈ ਖਾਲਸਾ ਏਡ ਨੂੰ ਸਹਿਯੋਗ ਦੇਣ ਵਾਲਿਆਂ 'ਚ ਸਭ ਤੋਂ ਵੱਧ ਯੋਗਦਾਨ ਲੈਸਟਰ ਦੀਆਂ ਸੰਗਤਾਂ ਨੇ ਪਾਇਆ । ਲੋੜਵੰਦਾਂ ਦੀ ਮਦਦ ਕਰਨ ਵਾਲੀ ਸੰਸਥਾ ਖਾਲਸਾ ਏਡ ਦੇ ਮੁਖੀ ਸ: ਰਵੀ ਸਿੰਘ ਦਾ ਧੰਨਵਾਦ ਕਰਦਿਆਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਕੰਗ ਅਤੇ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਧਾਨ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਧਾਨ ਨੇ ਅੱਗੇ ਤੋਂ ਵੀ ਵੱਧ ਚੜ ਕੇ ਸਮੇਂ-ਸਮੇਂ ਤੇ ਇਸ ਸੰਸਥਾ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਇਸ ਮੌਕੇ ਤੇ ਵੱਡੀ ਗਿਣਤੀ 'ਚ ਲੈਸਟਰ ਦੀਆਂ ਸੰਗਤਾਂ ਹਾਜ਼ਰ ਸਨ।