ਲੁਧਿਆਣਾ, 25 ਅਪ੍ਰੈਲ (ਟੀ. ਕੇ.) ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੁਸਤਕ ਪੜਚੋਲ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਰਣਜੋਧ ਸਿੰਘ ਦੀ ਕ੍ਰਿਤ 'ਸ੍ਰੀ ਭਗਵਤ ਗੀਤਾ ਸਾਰ - ਵਿਸਥਾਰ' ਲੋਕ ਅਰਪਣ ਕੀਤੀ ਗਈ ਅਤੇ ਕਰਮ ਯੋਗ ਦਾ ਸਿਧਾਂਤਕ ਫਲਸਫਾ ਵਿਸ਼ੇ ਨੂੰ ਲੈ ਕੇ ਵਿਚਾਰ ਗੋਸ਼ਟੀ ਕੀਤੀ ਗਈ। ਇਸ ਮੌਕੇ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ( ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ) ਤੇ ਪਦਮ ਭੂਸ਼ਣ ਡਾ: ਸਰਦਾਰਾ ਸਿੰਘ ਜੌਹਲ (ਸਾਬਕਾ ਚਾਂਸਲਰ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸਦੇ ਨਾਲ ਹੀ ਵਿਚਾਰ ਗੋਸ਼ਟੀ ਵਿੱਚ ਵਿਚਾਰਾਂ ਦੀ ਸਾਂਝ ਪਾਉਣ ਹਿੱਤ ਪਦਮ ਸ੍ਰੀ ਡਾ: ਸੁਰਜੀਤ ਪਾਤਰ (ਪ੍ਰਧਾਨ ਪੰਜਾਬ ਆਰਟ ਕੌਂਸਲ) ਪ੍ਰੋ : ਗੁਰਭਜਨ ਸਿੰਘ ਗਿੱਲ (ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ)ਡਾ: ਪਿਆਰਾ ਲਾਲ ਗਰਗ( ਸਾਬਕਾ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼) ਕਾਲਜ ਪੁਹੰਚੇ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਜਸਪਾਲ ਕੌਰ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਜਦਕਿ ਰਣਜੋਧ ਸਿੰਘ ਵਲੋਂ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਇਸ ਪੁਸਤਕ ਬਾਰੇ ਆਪਣੇ ਅਨੁਭਵ ਸਾਂਝੇ ਕਰਦੇ ਕਿਹਾ ਕਿ ਇਹ ਪੁਸਤਕ ਸਾਰਿਆਂ ਦਾ ਮਾਰਗ ਦਰਸ਼ਨ ਕਰੇਗੀ। ਉਹਨਾਂ ਇਸ ਕਾਰਜ ਵਿੱਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ,"ਅਸੀਂ ਆਸ ਕਰਦੇ ਹਾਂ ਕਿ ਆਪਣੀ ਮਾਂ ਬੋਲੀ ਵਿੱਚ ਲਿਖੀ ਗਈ ਭਗਵਤ ਗੀਤਾ ਦੇ ਸਰਲ ਅਰਥ ਮਾਨਵਤਾ ਦੇ ਬਹੁਤ ਕੰਮ ਆਉਣਗੇ। ਇਹਨਾਂ ਦਾ ਸਹਾਰਾ ਲੈ ਕੇ ਅਸੀਂ ਆਪਣੀ ਯੁਵਾ ਪੀੜੀ ਦੇ ਮਨ ਨੂੰ ਟਿਕਾਉਣ ਦੀ ਅਵਸਥਾ ਨੂੰ ਪ੍ਰਭਾਵਿਤ ਕਰ ਪਾਵਾਂਗੇ ਜਦਕਿ ਡਾ: ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਇਸ ਰਚਨਾ ਦੁਆਰਾ ਸਰਲ ਪੰਜਾਬੀ ਭਾਸ਼ਾ ਵਿੱਚ ਕੀਤਾ ਅਨੁਵਾਦ ਅੱਜ ਦੀ ਨੌਜਵਾਨ ਪੀੜ੍ਹੀ ਦੀ ਅਗਿਆਨਤਾ ਅਤੇ ਚਿੰਤਾ ਤੋਂ ਮੁਕਤੀ ਪਾਉਣ ਲਈ ਬਹੁਤ ਸਹਾਇਕ ਹੋਵੇਗਾ। ਇਸ ਮੌਕੇ ਸੁਰਜੀਤ ਪਾਤਰ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਕਿਹਾ ਕਿ ਭਗਵਤ ਗੀਤਾ ਦੇ ਅਨੁਵਾਦ ਨਾਲ ਪੰਜਾਬੀ ਭਾਸ਼ਾ 'ਚ ਅਮੀਰ ਵਾਧਾ ਹੋਇਆ ਹੈ ।ਰਣਜੋਧ ਸਿੰਘ ਨੇ ਮਿਹਨਤ, ਲਗਨ ਤੇ ਬੁੱਧੀਮਾਨਤਾ ਨਾਲ ਸਰਲ ਭਾਸ਼ਾ ਰਾਹੀਂ ਅਨੁਵਾਦ ਕੀਤਾ ਜੋ ਕਿ ਆਉਣ ਵਾਲੀ ਵਾਲੀਆਂ ਪੀੜ੍ਹੀਆਂ ਲਈ ਬਹੁਤ ਸਹਾਇਕ ਸਿੱਧ ਹੋਵੇਗਾ।ਇਸ ਮੌਕੇ ਡਾ:ਪਿਆਰਾ ਲਾਲ ਗਰਗ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸ਼੍ਰੀਮਦ ਭਗਵਤ ਗੀਤਾ ਦਾ ਕੀਤਾ ਗਿਆ ਪੰਜਾਬੀ ਸਰਲ ਅਰਥ ਪੰਜਾਬੀ ਸਾਹਿਤ ਅਤੇ ਭਗਵਤ ਗੀਤਾ ਪ੍ਰੇਮੀਆਂ ਵਿੱਚ ਨਿਸ਼ਚਿਤ ਹੀ ਕਰਮ ਯੋਗ ,ਗਿਆਨ ਯੋਗ ਅਤੇ ਭਗਤੀ ਯੋਗ ਦੀ ਸਹੀ ਸਮਝ ਅਤੇ ਚਿੰਤਨ ਨੂੰ ਵਿਕਸਿਤ ਕਰੇਗਾ।ਪ੍ਰੋ : ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਾਰਿਆਂ ਤੋ ਉੱਪਰ ਮਾਨਵਤਾ ਦਾ ਧਰਮ ਆਉਂਦਾ ਹੈ ਇਸ ਲਈ ਇਹ ਪੁਸਤਕ ਘਰ ਘਰ ਹੋਣੀ ਚਾਹੀਦੀ ਹੈ । ਸਮਾਗਮ ਵਿੱਚ ਸ਼ਾਮਲ ਹੋਰ ਵਿਦਵਾਨਾਂ ਨੇ ਵੀ ਇਸ ਮਹਾਨ ਰਚਨਾ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਵਿੱਚ ਗੁਰਮੀਤ ਸਿੰਘ ਕੁਲਾਰ, ਹਰਚਰਨ ਸਿੰਘ ਗੋਹਲਵੜੀਆ, ਸ੍ਰੀ ਪ੍ਰਭਾਕਰ ,ਡਾ. ਏ. ਐੱਸ. ਧੀਰ , ਵੀ .ਵੀ .ਗਿਰੀ ,ਡਾ. ਸਤੀਸ਼ ਸ਼ਰਮਾ ਅਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਮੈਂਬਰਾਨ ਅਤੇ ਰਾਮਗੜ੍ਹੀਆ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਵੀ ਸ਼ਾਮਿਲ ਹੋਏ । ਅੰਤ ਵਿੱਚ ਸਾਰੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ।