You are here

ਭਗਵੰਤ ਮਾਨ ਦੇ ਮੋਗੇ ਆਉਣ ਤੋਂ ਪਹਿਲਾਂ ਮਜ਼ਦੂਰ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ।

ਮੁੱਲਾਂਪੁਰ ਦਾਖਾ 7 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਸਭ ਨੂੰ ਆਸ ਸੀ ਕਿ ਝਾੜੂ ਵਾਲਿਆਂ ਦੀ ਸਰਕਾਰ ਬਣਨ ਨਾਲ ਆਮ ਆਦਮੀ ਦੀ ਪਹੁੰਚ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਮੁੱਖੀ, ਮੁੱਖ ਮੰਤਰੀ ਤੱਕ ਸੌਖੀ ਹੋ ਜਾਵੇਗੀ, ਹਰ ਇੱਕ ਨੂੰ ਵਧੀਆ ਪ੍ਰਸ਼ਾਸਨ ਮਿਲੇਗਾ ਅਤੇ ਸੁਣਵਾਈ ਹੋਵੇਗੀ, ਪਰ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸਾਹਿਬ ਨੇ ਹਕੂਮਤੀ ਕੁਰਸੀ ਤੇ ਬੈਠਣ ਸਾਰ ਪੰਜਾਬ ਦੇ ਆਮ ਆਦਮੀਆਂ ਵੱਲ ਪਿੱਠ ਕਰਕੇ ਮੂੰਹ ਖਾਸਮਖਾਸ ਆਦਮੀਆਂ ਵੱਲ ਕਰ ਲਿਆ ਹੈ, ਉਹ ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਆਗੂਆਂ ਨੂੰ ਲਗਾਤਾਰ ਅੱਠ ਵਾਰ ਮੀਟਿੰਗ ਕਰਨ ਦਾ ਲਿਖਤੀ ਸਮਾਂ ਦੇ ਕੇ ਚੰਡੀਗੜ੍ਹ ਬੁਲਾ ਚੁੱਕੇ ਹਨ ਪਰ ਮੁੱਖ ਮੰਤਰੀ ਸਾਹਿਬ ਆਪ ਮੀਟਿੰਗ ਕਰਨ ਤੋਂ ਪਹਿਲਾਂ ਹੀ ਚੰਡੀਗੜ੍ਹ ਤੋਂ ਬਾਹਰ ਚਲੇ ਜਾਂਦੇ ਹਨ, ਆਏ ਦਿਨ ਉਹ ਹਰ ਰੋਜ਼ ਕਿਸੇ ਨਾ ਕਿਸੇ ਵਫ਼ਦ ਨਾਲ ਮੀਟਿੰਗਾਂ ਕਰਦੇ ਰਹਿੰਦੇ ਹਨ ਪਰ ਸਭ ਤੋਂ ਦੱਬੇ ਕੁੱਚਲੇ ਦਲਿਤ ਮਜ਼ਦੂਰ ਵਰਗ ਨਾਲ ਉਨ੍ਹਾਂ ਦਾ ਮਨ ਮੀਟਿੰਗ ਕਰਨ ਲਈ ਤਿਆਰ ਨਹੀਂ। ਇਸ ਗੱਲ ਦਾ ਪ੍ਰਗਟਾਵਾ ਪੇਂਡੂ ਮਜ਼ਦੂਰ ਯੂਨੀਅਨ ਦੀ ਹੋਈ ਜਗਰਾਉਂ ਮੀਟਿੰਗ ਵਿੱਚ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਹੇ। ਮੀਟਿੰਗ ਦੇ ਦੌਰਾਨ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਦੱਸਿਆ ਕਿ ਬੀਤੇ ਕੱਲ੍ਹ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਮੋਗਾ ਵਿਖੇ ਆਉਣਾ ਸੀ ਪਰ ਸ੍ਰੀ ਮਾਨ ਮੁੱਖ ਮੰਤਰੀ ਦੇ ਆਦੇਸ਼ਾਂ ਤਹਿਤ ਪੰਜਾਬ ਪੁਲਿਸ ਸੀ ਆਈ ਏ ਸਟਾਫ ਮੋਗਾ ਵੱੱਲੋਂ  ਪੇਂਡੂ ਮਜ਼ਦੂਰ ਯੂਨੀਅਨ ਦੇ ਮਜ਼ਦੂਰ ਆਗੂਆਂ ਮਨਜੀਤ ਸਿੰਘ ਬੁੱਘੀਪੁਰਾ ਅਤੇ ਸਮਾਲਸਰ ਪੁਲਿਸ ਵੱਲੋਂ ਹਰਬੰਸ ਸਿੰਘ ਰੋਡੇ ਨੂੰ ਕੱਲ੍ਹ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸੇ ਤਰ੍ਹਾਂ ਬਹੁਤ ਸਾਰੇ ਹੋਰ ਆਗੂਆਂ ਦੇ ਘਰਾਂ ਵਿੱਚ ਮੋਗਾ ਜ਼ਿਲ੍ਹੇ ਦੀ ਪੁਲਿਸ ਨੇ ਛਾਪੇਮਾਰੀ ਕੀਤੀ। ਗ੍ਰਿਫਤਾਰ ਮਜ਼ਦੂਰ ਆਗੂਆਂ ਨੂੰ ਰਿਹਾਅ ਕਰਾਉਣ ਲਈ ਵੱਖ ਵੱਖ ਜਥੇਬੰਦੀਆਂ ਨੂੰ ਸਮਾਲਸਰ ਥਾਣੇ ਅੱਗੇ ਧਰਨਾ ਦੇਣਾ ਪਿਆ। ਮੀਟਿੰਗ ਵਿੱਚ ਪੇਸ਼ ਮਤੇ ਰਾਹੀਂ ਭਗਵੰਤ ਮਾਨ ਹਕੂਮਤ ਵੱਲੋਂ ਦਲਿਤਾਂ ਪੇਂਡੂ ਤੇ ਖੇਤ ਮਜ਼ਦੂਰਾਂ ਨਾਲ ਕੀਤੀ ਜਾ ਰਹੀ ਵਿਤਕਰੇਬਾਜੀ ਤਹਿਤ ਮਜ਼ਦੂਰ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਨਿੰਦਾ ਕੀਤੀ ਗਈ। ਇਸ ਮੀਟਿੰਗ ਵਿੱਚ ਕੁਲਵੰਤ ਸਿੰਘ ਸੋਨੀ, ਬਖਤੌਰ ਸਿੰਘ, ਬਲਦੇਵ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।