You are here

1 ਅਪੈ੍ਲ ਨੂੰ ਬਰਸੀ ’ਤੇ ਵਿਸ਼ੇਸ਼

  ਜਥੇਦਾਰ  ਟੌਹੜਾ  ਨੂੰ  ਯਾਦ ਕਰਦਿਆਂ ---------
                             ਜਾਂ 
 ਬਹੁਪੱਖੀ ਸ਼ਖ਼ਸੀਅਤ ਜਥੇਦਾਰ ਗੁਰਚਰਨ ਸਿੰਘ ਟੌਹੜਾ
‌       ਸਿੱਖ ਸਿਆਸਤ ਅਤੇ ਧਾਰਮਿਕ ਮਾਮਲਿਆਂ ਤੇ ਕਈ ਦਹਾਕਿਆਂ ਤੱਕ ਬੋਹੜ ਵਾਂਗ ਛਾਏ ਰਹਿਣ ਵਾਲੇ, ਆਪਣੀ ਸਮੁੱਚੀ ਜ਼ਿੰਦਗੀ ਪੰਥ ਦੇ ਲੇਖੇ ਲਾਉਣ ਵਾਲੇ, ਸਿੱਖ ਪਰੰਪਰਾ ਤੇ ਪਹਿਰਾ ਦੇਣ ਵਾਲੇ, ਬੇਦਾਗ਼, ਇਮਾਨਦਾਰ ਤੇ ਨੇਕ ਨੀਅਤ ਵਾਲੇ ਸਿੱਖ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਨ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜਨਮ ਸ੍ਰ: ਦਲੀਪ ਸਿੰਘ ਸਧਾਰਨ ਜੱਟ ਸਿੱਖ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖ ਤੋਂ 24 ਸਤੰਬਰ 1924 ਈ: ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਟੌਹੜਾ ਵਿਖੇ ਹੋਇਆ। ਆਪ ਨੇ ਮੁੱਢਲੀ ਵਿੱਦਿਆ ਪਿੰਡ ’ਚ ਹੀ ਪ੍ਰਾਪਤ ਕੀਤੀ। ਪੰਜਾਬ  ਯੂਨੀਵਰਸਿਟੀ ਲਾਹੌਰ ਤੋਂ ਪੰਜਾਬੀ ਸਾਹਿਤ ਵਿੱਚ ਗਰੈਜੂਏਸ਼ਨ ਕੀਤੀ। ਜਥੇਦਾਰ ਟੌਹੜਾ ਕਿੱਤੇ ਵਜੋਂ ਕਿਸਾਨ ਸਨ। ਉਹਨਾਂ ਨੇ 13 ਸਾਲ ਦੀ ਉਮਰ ਵਿੱਚ ਅ੍ਰੰਮਿਤਪਾਨ ਕਰਕੇ ਅੰਮ੍ਰਿਤਧਾਰੀ ਸਿੱਖ ਦੇ ਰੂਪ ਵਿੱਚ ਜੀਵਨ ਸ਼ੁਰੂ ਕੀਤਾ। ਜਥੇਦਾਰ ਟੌਹੜਾ ਆਮ ਜੀਵਨ ਵਿੱਚ ਸਾਦੇ ਲਿਬਾਸ ਅਤੇ ਸਾਦੇ ਵਿਚਾਰਾਂ ਦੇ ਮਾਲਕ ਸਨ ਪਰ ਰਾਜਨੀਤੀ ਵਿੱਚ ਗੁੰਝਲਦਾਰ ਸਨ।
                 ਗੁਰਮਤਿ ਸਿਧਾਂਤਾਂ ਵਿੱਚ ਪ੍ਰਪੱਕ ਤੇ ਗੁਰਸਿੱਖ ਪਰਿਵਾਰ ਨਾਲ ਸੰਬੰਧਿਤ ਜਥੇਦਾਰ ਟੌਹੜਾ 1938 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੇ, 1944 ਤੋਂ ਉਹਨਾਂ ਪੰਥਕ ਮੋਰਚਿਆਂ ਵਿੱਚ ਜਾਣਾ ਸ਼ੁਰੂ ਕੀਤਾ ਤਾਂ ਪੰਥਕ ਸੰਘਰਸ਼ਾਂ ਵਿੱਚ ਮੋਹਰੀ ਰਹੇ। 1948 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਕੱਤਰ ਬਣੇ, 1952 ਵਿੱਚ ਜ਼ਿਲ੍ਹਾ ਅਕਾਲੀ ਜਥਾ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ, 1957 ਵਿੱਚ ਜ਼ਿਲ੍ਹਾ ਅਕਾਲੀ ਜਥਾ ਪਟਿਆਲਾ ਦੇ ਪ੍ਰਧਾਨ ਬਣੇ। 1959 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਜੂਨੀਅਰ ਮੀਤ ਪ੍ਰਧਾਨ ਬਣੇ, 1960 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪਹਿਲੀ ਵਾਰ ਮੈਂਬਰ ਦੇ ਤੌਰ ’ਤੇ ਸ਼ਾਮਲ ਹੋਏ। ਅਗਲੇ ਸਾਲ ਹੀ ਕਾਰਜਕਾਰੀ ਦੇ ਮੈਂਬਰ ਬਣ ਗਏ। 6 ਜਨਵਰੀ 1973 ਨੂੰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪਹਿਲੀ ਵਾਰ ਪ੍ਰਧਾਨ ਬਣੇ, 1986 ਤੱਕ ਇਸ ਅਹੁਦੇ ਤੇ ਬਰਕਰਾਰ ਰਹੇ। ਕੁਝ ਮਹੀਨਿਆਂ ਬਾਅਦ 1986 ਤੋਂ 1990 ਤੱਕ ਦੁਬਾਰਾ ਫਿਰ ਪ੍ਰਧਾਨ ਰਹੇ। ਇੱਕ ਸਾਲ ਬਾਅਦ 1991 ਤੋਂ 1998 ਤੱਕ ਲਗਾਤਾਰ ਅੱਠ ਸਾਲ ਫਿਰ ਪ੍ਰਧਾਨ ਰਹੇ। 1999 ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਮੱਤ-ਭੇਦ ਹੋਣ ਕਰਕੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਆਪਣਾ ਵੱਖਰਾ ‘ਸਰਬ-ਹਿੰਦ ਸ਼੍ਰੋਮਣੀ ਅਕਾਲੀ ਦਲ’ ਬਣਾਇਆ। ਸਾਲ 2002 ਵਿੱਚ (ਤਿੰਨ ਸਾਲ ਬਾਅਦ) 26ਵੀਂ ਵਾਰ ਤੇ 2003 ਵਿੱਚ 27ਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਜਥੇਦਾਰ ਟੌਹੜਾ 1969, 1970, 1980, 1982, 1998 ਤੇ 2004 ਵਿੱਚ ਛੇ ਵਾਰ ਰਾਜ ਸਭਾ ਦੇ ਮੈਂਬਰ ਬਣੇ। ਉਹ 1977 ਤੋਂ 1979 ਤੱਕ ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ।
                  ਜਥੇਦਾਰ ਟੌਹੜਾ ਨੇ ਆਪਣਾ ਸਾਰਾ ਜੀਵਨ ਸਿੱਖ ਪੰਥ ਨੂੰ ਸਮਰਪਿਤ ਕਰ ਦਿੱਤਾ, ਉਹ ਪੂਰੇ ਨਿੱਤ-ਨੇਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦ੍ਰਿੜ੍ਹ ਨਿਸ਼ਚਾ ਰੱਖਣ ਵਾਲੇ, ਹਰ ਇੱਕ ਲਈ ਪਿਆਰ, ਹਮਦਰਦੀ ਉਹਨਾਂ ਦੇ ਦਿਲ ਵਿੱਚ ਸੀ। ਉਹ ਆਪਣੇ ਰੁਝੇਵਿਆਂ ਦੇ ਬਾਵਜੂਦ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ੇਸ਼ ਰੁਚੀ ਰੱਖਦੇ ਸਨ। ਜਥੇਦਾਰ ਟੌਹੜਾ 18 ਸਾਲ ਤੱਕ ਲਗਾਤਾਰ ਅੰਮ੍ਰਿਤ-ਸੰਚਾਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਰਹੇ।
        ਉਹਨਾਂ ਦਾ ਆਪਣੀ ਧਰਤੀ ਨਾਲ ਇੰਨਾ ਵੱਧ ਮੋਹ ਸੀ ਕਿ ਉਹ ਜਿੱਥੇ ਵੀ ਸਮਾਗਮਾਂ ਵਿੱਚ ਪਿੰਡ/ਸ਼ਹਿਰਾਂ ਵਿੱਚ ਹੁੰਦੇ, ਉਹ ਹਰ ਸ਼ਾਮ ਨੂੰ ਪਿੰਡ ਪਹੁੰਚਣ ਦਾ ਯਤਨ ਕਰਦੇ। ਜਥੇਦਾਰ ਟੌਹੜਾ ਨੇ ਧਰਮ ਯੁੱਧ ਮੋਰਚੇ ਦੌਰਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਿਚਕਾਰ ਸੂਝ-ਬੂਝ ਨਾਲ ਮੱਤ-ਭੇਦ ਦੂਰ ਕਰਵਾਏ। ਜਥੇਦਾਰ ਜੀ ਨੇ ਖਾੜਕੂ ਲਹਿਰ ਦਾ ਚੜ੍ਹਦਾ ਤੇ ਢਲਦਾ ਸੂਰਜ ਵੀ ਦੇਖਿਆ। ਜਥੇਦਾਰ ਟੌਹੜਾ ਸਿੱਖ ਪੰਥ ਦੇ ਇੱਕ ਸਿਰਮੌਰ ਲੀਡਰ ਸਨ, ਉਹ ਸਿੱਖ ਪੰਥ ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਬਹੁਤ ਵੱਡੇ ਮੁਦੱਈ ਸਨ। ਜਦੋਂ ਵੀ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਸਿੱਖਾਂ ਨਾਲ ਕੋਈ ਵਿਤਕਰਾ ਹੁੰਦਾ ਤਾਂ ਉਹ ਬੜੀ ਨਿਡਰਤਾ ਨਾਲ ਆਪਣੀ ਆਵਾਜ਼ ਬੁਲੰਦ ਕਰਦੇ ਸਨ। ਇਸੇ ਕਰਕੇ ਕਈ ਉਹਨਾਂ ਨੂੰ ਕੱਟੜਵਾਦੀ ਵੀ ਕਹਿੰਦੇ ਸਨ। ਉਹ 35 ਸਾਲ ਰਾਜਨੀਤਿਕ ਉਤਰਾਵਾਂ-ਚੜ੍ਹਾਵਾਂ ਵਿੱਚ ਕਿਸੇ-ਨਾ-ਕਿਸੇ ਰੂਪ ਵਿੱਚ ਕੇਂਦਰ ਬਣੇ ਰਹੇ। ਅਜਿਹੇ ਦੌਰ ਵੀ ਆਏ, ਜਦੋਂ ਇੰਝ ਲੱਗਦਾ ਸੀ ਕਿ ਸਿੱਖ ਸਿਆਸਤ ਕੇਵਲ ਉਹਨਾਂ ਦੁਆਲੇ ਘੁੰਮਦੀ ਹੈ।
     ਜਥੇਦਾਰ ਟੌਹੜਾ ਨੇ ਸੈਂਕੜੇ ਇਤਿਹਾਸਕ ਗੁਰਦੁਆਰਿਆਂ ਦੀ ਨਵ-ਉਸਾਰੀ, ਤਕਨੀਕੀ ਕਾਲਜ, ਪਬਲਿਕ ਸਕੂਲ, ਮੈਡੀਕਲ ਕਾਲਜ, ਡੈਂਟਲ ਕਾਲਜ, ਨਰਸਿੰਗ ਕਾਲਜ, ਸ਼੍ਰੀ ਗੁਰੂ ਰਾਮਦਾਸ ਹਸਪਤਾਲ, ਗੁਰਮਤਿ ਇੰਸਟੀਚਿਉੂਟ ਤਲਵੰਡੀ ਸਾਬੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਲਈ ਆਫ਼ਸੈੱਟ ਪ੍ਰਿਟਿੰਗ ਪ੍ਰੈਸ, ਧਾਰਮਿਕ ਸਾਹਿਤ ਦੀਆਂ ਹਜ਼ਾਰਾਂ ਪ੍ਰਕਾਸ਼ਨਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਵੱਖ-ਵੱਖ ਥਾਵਾਂ ਤੇ ਪਹੁੰਚਾਉਣ ਲਈ ਸੋਹਣੀਆਂ ਗੱਡੀਆਂ, ਯਾਤਰੂਆਂ ਦੀ ਰਿਹਾਇਸ਼ ਲਈ ਅੰਮ੍ਰਿਤਸਰ ਤੇ ਹੋਰ ਸਥਾਨਾਂ ਤੇ ਵਧੀਆ ਸਰਾਵਾਂ, ਲੰਗਰ ਹਾਲ ਆਦਿ ਉਹਨਾਂ ਦੀ ਦੇਣ ਹੈ। ਉਹਨਾਂ ਨੂੰ ਸੰਗਤਾਂ ਜਥੇਦਾਰ ਸਾਹਿਬ, ਪ੍ਰਧਾਨ ਜੀ, ਟੌਹੜਾ ਜੀ ਕਰਕੇ ਹੀ ਯਾਦ ਕਰਦੀਆਂ ਸਨ।
  ‌‌       ਜਥੇਦਾਰ ਟੌਹੜਾ ਉਹਨਾਂ ਲੀਡਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਦਾ ਲੋਹਾ ਉਹਨਾਂ ਦੇ ਮਿੱਤਰ ਅਤੇ ਵਿਰੋਧੀ ਦੋਵੇਂ ਹੀ ਬਰਾਬਰ ਰੂਪ ਵਿੱਚ ਮੰਨਦੇ ਸਨ। ਪੰਜਾਬੀ ਸੂਬੇ ਦੀ ਵੱਖਰੀ ਹੋਂਦ ਦੇ ਲਈ ਛੇੜੇ ਗਏ ਸੰਘਰਸ਼ ਵਿੱਚ ਬੇਸ਼ੱਕ ਉਹਨਾਂ ਦੀ ਭੂਮਿਕਾ ਪਾਰਟੀ ਦੇ ਸਿਪਾਹੀ ਵਰਗੀ ਰਹੀ ਹੋਵੇ ਪਰ ਆਪਣੀ ਮਿਹਨਤ ਅਤੇ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਉਹ ਜਲਦੀ ਹੀ ਪਾਰਟੀ ਦੇ ਜਰਨੈਲਾਂ ਵਿੱਚ ਸ਼ਾਮਲ ਹੋਣ ਲੱਗ ਪਏ ਸਨ। ਉਹਨਾਂ ਪੰਜਾਬ, ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ/ਨਗਰਾਂ ਵਿੱਚ ਗੁਰਦੁਆਰਿਆਂ ਦੀ ਬਿਹਤਰੀ ਲਈ ਅਤੇ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਦੀ ਸਾਂਭ-ਸੰਭਾਲ ਅਤੇ ਉਹਨਾਂ ਦੇ ਪ੍ਰਬੰਧ ਲਈ ਗੰਭੀਰ ਯਤਨ ਕੀਤੇ।
                 ਜਥੇਦਾਰ ਟੌਹੜਾ ਮਾਇਆ ਦੀ ਚਮਕ-ਦਮਕ ਤੇ ਧਨ ਇਕੱਠਾ ਕਰਨ ਦੀ ਲਾਲਸਾ ਤੋਂ ਬਚੇ ਰਹੇ, ਉਹ ਲੈਣ ਦੇਣ ਵੇਲੇ ਇਹ ਖ਼ਿਆਲ ਰੱਖਦੇ ਸਨ ਕਿ ਉਸ ਦਾ ਕੋਈ ਕਦਮ, ਕੋਈ ਟਿੱਪਣੀ ਜਾਂ ਕੋਈ ਰਣਨੀਤੀ ਸਿੱਖ ਇਤਿਹਾਸ ਦੀ ਮੁੱਖ ਧਾਰਾ ਦੇ ਖ਼ਿਲਾਫ਼ ਨਾ ਜਾਂਦੀ ਹੋਵੇ। ਮਾਸਟਰ ਤਾਰਾ ਸਿੰਘ ਜੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਜਥੇਦਾਰ ਟੌਹੜਾ ਦੇ ਹੱਥ ਰਹੀ। ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਵੱਲੋਂ ਪਿੰਗਲਵਾੜਾ ਸੰਸਥਾ ਦਾ ਰਾਸ਼ਨ ਬੰਦ ਕਰਨ ਤੇ ਜਥੇਦਾਰ ਟੌਹੜਾ ਨੇ ਦੁਬਾਰਾ ਚਾਲੂ ਕਰਵਾਇਆ ਤੇ ਭਗਤ ਪੂਰਨ ਸਿੰਘ ਜੀ ਦੀ ਬਰਸੀ ’ਤੇ 1992 ਤੋਂ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
      ਜਥੇਦਾਰ ਟੌਹੜਾ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ, ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਧਾਨ, ਨਨਕਾਣਾ ਸਾਹਿਬ ਐਜੂਕੇਸ਼ਨ ਟ੍ਰਸਟ ਦੇ ਪ੍ਰਧਾਨ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਿਹਗੜ੍ਹ ਸਾਹਿਬ ਦੇ ਸੰਸਥਾਪਕ ਮੈਂਬਰ, ਗੁਰੂ ਰਾਮਦਾਸ ਮੈਡੀਕਲ ਕਾਲਜ ਟ੍ਰਸਟ ਦੇ ਸੰਸਥਾਪਕ ਮੈਂਬਰ, ਤਖ਼ਤ ਸੱਚ-ਖੰਡ ਸ਼੍ਰੀ ਹਜ਼ੂਰ ਸਾਹਿਬ ਬੋਰਡ ਨਾਂਦੇੜ ਦੇ ਮੈਂਬਰ ਅਤੇ ਹੋਰ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ/ਸਿੰਘ ਸਭਾਵਾਂ, ਸਭਾ-ਸੁਸਾਇਟੀਆਂ ਦੇ ਮੈਂਬਰ/ਪ੍ਰਧਾਨ ਵੀ ਰਹੇ। ਜਥੇਦਾਰ ਟੌਹੜਾ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਕੇ ਲੱਖਾਂ ਹੀ ਸੰਗਤਾਂ ਨੂੰ ਸਿੱਖੀ ਨਾਲ ਜੋੜਿਆਂ।
                    ਸਿੱਖ ਕੌਮ ਦੀ ਮਹਾਨ ਸ਼ਖ਼ਸ਼ੀਅਤ ਜਥੇਦਾਰ ਗੁਰਚਰਨ ਸਿੰਘ ਟੌਹੜਾ 80 ਸਾਲ ਦੀ ਉਮਰ ਬਤੀਤ ਕਰਕੇ 1 ਅਪ੍ਰੈਲ 2004 ਈ: ਨੂੰ ਗੁਰੂ ਚਰਨਾਂ ’ਚ ਜਾ ਬਿਰਾਜੇ।
 ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 20ਵੀਂ ਬਰਸੀ 1 ਅਪ੍ਰੈਲ 2024 ਦਿਨ ਸੋਮਵਾਰ ਨੂੰ  ਉਹਨਾਂ ਦੇ ਜੱਦੀ ਪਿੰਡ ਟੌਹੜਾ (ਪਟਿਆਲਾ) ਵਿਖੇ ਮਨਾਈ ਜਾ ਰਹੀ ਹੈ ।         ‌‌                              ਕਰਨੈਲ ਸਿੰਘ ਐੱਮ.ਏ.
           #1138/63-ਏ, ਗੁਰੂ ਤੇਗ਼ ਬਹਾਦਰ ਨਗਰ,
                                   ਗਲੀ ਨੰ:1, ਚੰਡੀਗੜ੍ਹ ਰੋਡ,
                                      ਜਮਾਲਪੁਰ, ਲੁਧਿਆਣਾ ।