ਐਸ.ਡੀ.ਐਮ.ਗੁਰਬੀਰ ਸਿੰਘ ਕੋਹਲੀ ਨਾਲ ਮੌਕੇ ਦਾ ਲਿਆ ਜਾਇਜ਼ਾ
ਜਗਰਾਓ, 14 ਮਾਰਚ (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ)ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਰੇਕ ਵਰਗ ਦੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦਿਵਾਉਣ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ ਅਤੇ ਹੁਣ ਵੀ ਉਹ ਜਗਰਾਉਂ ਦੇ ਸ਼ੇਰਪੁਰਾ ਰੋਡ ਉਪਰ ਰੇਲਵੇ ਫਾਟਕਾਂ ਦੇ ਨਜ਼ਦੀਕ ਵਸੇ ਮੁਹੱਲਾ ਰਾਮ ਨਗਰ ਦੇ ਵਾਸੀਆਂ ਨੂੰ ਰਸਤਾ ਦਿਵਾਉਣ ਲਈ ਸਰਗਰਮ ਹਨ। ਵਿਧਾਇਕਾ ਮਾਣੂੰਕੇ ਵੱਲੋਂ ਪਹਿਲਾਂ ਰੇਲਵੇ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਪੱਤਰ-ਵਿਹਾਰ ਕਰਕੇ ਮੁਹੱਲਾ ਵਾਸੀਆਂ ਨੂੰ ਰਸਤਾ ਦੇਣ ਲਈ ਯਤਨ ਕੀਤੇ ਗਏ ਅਤੇ ਹੁਣ ਡਿਪਟੀ ਕਮਿਸ਼ਨਰ ਲੁਧਿਆਣਾ ਨਾਲ ਰਾਬਤਾ ਕਰਕੇ ਮੁਹੱਲੇ ਦੇ ਲੋਕਾਂ ਦੀ ਸਮੱਸਿਆ ਹੱਲ ਕਰਨ ਲਈ ਕਾਰਵਾਈ ਆਰੰਭੀ ਗਈ ਹੈ। ਵਿਧਾਇਕਾ ਮਾਣੂੰਕੇ ਵੱਲੋਂ ਅੱਜ ਐਸ.ਡੀ.ਐਮ.ਜਗਰਾਉਂ ਗੁਰਬੀਰ ਸਿੰਘ ਕੋਹਲੀ ਅਤੇ ਹੋਰ ਅਧਿਕਾਰੀਆਂ ਨਾਲ ਮੁਹੱਲਾ ਰਾਮ ਨਗਰ ਵਿਖੇ ਪਹੁੰਚਕੇ ਮੌਕਾ ਦੇਖਿਆ ਗਿਆ ਅਤੇ ਮੁਹੱਲੇ ਦੇ ਨਾਲ ਲੱਗਦੇ ਵਿਭਾਗਾਂ ਦੀ ਜਗ੍ਹਾ ਨਾਲ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁਹੱਲਾ ਰਾਮ ਨਗਰ ਨੂੰ ਰਸਤਾ ਦੇਣ ਲਈ ਲੋੜੀਂਦੀ ਜਗ੍ਹਾ ਦੀ ਮਿਣਤੀ ਕੀਤੀ ਜਾਵੇ ਅਤੇ ਹੋਰ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਸਾਡਾ ਦੇਸ਼ ਅਜ਼ਾਦ ਹੋਏ ਨੂੰ 76 ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਚੁੱਕਾ ਹੈ, ਪਰੰਤੂ ਮੁਹੱਲਾ ਰਾਮ ਨਗਰ ਦੇ ਵਾਸੀਆਂ ਰੋਜ਼ਮਰ੍ਹਾ ਦੇ ਕੰਮ ਕਾਜ਼ ਲਈ ਬਾਹਰ ਜਾਣ ਵਾਸਤੇ ਕੋਈ ਪੱਕਾ ਰਸਤਾ ਹੀ ਨਹੀਂ ਹੈ। ਜਦੋਂ ਕਿ ਮੁਹੱਲਾ ਰਾਮ ਨਗਰ ਵਿੱਚ 250 ਦੇ ਲਗਭਗ ਘਰ ਵਸੇ ਹੋਏ ਹਨ ਅਤੇ ਮੁਹੱਲਾ ਵਾਸੀ ਪਿਛਲੀਆਂ ਸਰਕਾਰਾਂ ਨੂੰ ਰਸਤਾ ਦਿਵਾਉਣ ਲਈ ਬੇਨਤੀਆਂ ਕਰਦੇ ਰਹੇ, ਪਰੰਤੂ ਕਿਸੇ ਨੇ ਵੀ ਸਾਰ ਨਹੀਂ ਲਈ। ਬੀਬੀ ਮਾਣੂੰਕੇ ਨੇ ਆਖਿਆ ਕਿ ਉਹਨਾਂ ਵੱਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਮੁਹੱਲਾ ਵਾਸੀਆਂ ਨੂੰ ਰਸਤਾ ਦਿਵਾਉਣ ਲਈ ਜੁਟੇ ਹੋਏ ਹਨ ਅਤੇ ਮੁਹੱਲੇ ਦੇ ਆਸੇ-ਪਾਸੇ ਪਈ ਵੱਖ-ਵੱਖ ਵਿਭਾਗਾਂ ਦੀ ਜਗ੍ਹਾ ਨਾਲ ਸਬੰਧਿਤ ਅਧਿਕਾਰੀਆਂ ਨੂੰ ਪੱਤਰ ਵਿਹਾਰ ਵੀ ਕਰ ਚੁੱਕੇ ਹਨ ਅਤੇ ਨਿੱਜੀ ਤੌਰਤੇ ਰਾਬਤਾ ਵੀ ਕਰ ਚੁੱਕੇ ਹਨ। ਉਹਨਾਂ ਆਖਿਆ ਕਿ ਸਾਰੀਆਂ ਕਾਨੂੰਨੀ ਅਤੇ ਵਿਭਾਗੀ ਪ੍ਰਕਿਰਿਆਵਾਂ ਮੁਕੰਮਲ ਕਰਵਾਕੇ ਮੁਹੱਲਾ ਵਾਸੀਆਂ ਨੂੰ ਰਸਤਾ ਦਿਵਾਇਆ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਰੀਡਰ ਸੁਖਦੇਵ ਸਿੰਘ ਸ਼ੇਰਪੁਰੀ, ਹੀਰਾ ਸਿੰਘ ਅਤੇ ਨਗਰ ਕੌਂਸਲ ਦੇ ਅਧਿਕਾਰੀ ਵੀ ਹਾਜ਼ਰ ਸਨ।