You are here

ਪੀੜਤ ਪਰਿਵਾਰਾਂ ਨੂੰ ਨਿਆਂ ਕਦੋਂ ਮਿਲੇਗਾ ? 

ਸੰਘਰਸ਼ ਕਮੇਟੀ ਦੀ ਹੋਈ ਮੀਟਿੰਗ, 23 ਮਾਰਚ ਧਰਨੇ 'ਚ ਮਨਾਉਣ ਦਾ ਫੈਸਲਾ 

ਜਗਰਾਉਂ,  9 ਮਾਰਚ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਪੁਲਿਸ ਮੁਲਾਜ਼ਮਾਂ ਵਲੋਂ ਥਾਣੇ ਵਿੱਚ ਕਰੰਟ ਲਗਾ ਕੇ ਮਾਰ ਮੁਕਾਈ ਮ੍ਰਿਤਕਾ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਵਿੱਚ 16 ਸਾਲਾਂ ਬਾਦ ਦਰਜ ਕੀਤੀ ਅੈਫ.ਆਈ.ਅਾਰ. ਸਬੰਧੀ ਏਆਈਜੀ ਬਲਵੀਰ ਸਿੰਘ ਭੱਟੀ ਵਲੋਂ ਭਰੀ ਅਖਰਾਜ਼ ਰਿਪੋਰਟ ਨੂੰ ਸਪੈਸ਼ਲ ਕੋਰਟ ਵਲੋਂ ਰੱਦ ਕਰਨ ਦੇ ਬਾਵਜੂਦ ਨਿਆਂ ਦੀ ਉਡੀਕ ਵਿੱਚ ਦੋ ਸਾਲਾਂ ਤੋਂ ਥਾਣੇ ਮੂਹਰੇ ਬੈਠੇ ਦੋਂਵੇਂ ਪੀੜਤ ਪਰਿਵਾਰਾਂ ਨੂੰ "ਨਿਆਂ" ਕਦੋਂ ਮਿਲੇਗਾ? ਇਹ ਸੁਆਲ ਅੱਜ ਸੰਘਰਸ਼ ਕਮੇਟੀ ਦੀ ਮੀਟਿੰਗ ਉਪਰੰਤ ਧਰਨੇ ਵਿੱਚ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਸੀਟੁ ਆਗੂ ਨਿਰਮਲ ਸਿੰਘ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ, ਪੰਜਾਬ ਰੋਡਵੇਜ਼ ਪੈਨਸ਼ਨਰਜ਼ ਯੂਨੀਅਨ ਦੇ ਆਗੂ ਜਗਦੀਸ਼ ਸਿੰਘ ਕਾਉਂਕੇ,  ਨੇ ਮਹਿਲਾ ਦਿਵਸ ਮਨਾ ਹਟੇ ਵੋਟ ਵਟੋਰੂ ਸੱਤਾਧਾਰੀਆਂ ਨੂੰ ਪੁਛਿਆ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਤਰਲੋਚਨ ਸਿੰਘ ਝੋਰੜਾਂ, ਜਗਦੀਸ਼ ਸਿੰਘ ਕਾਉਂਕੇ, ਜਸਪ੍ਰੀਤ ਸਿੰਘ ਢੋਲਣ ਬਲਵਿੰਦਰ ਸਿੰਘ ਕੋਠੇ ਪੋਨਾ ਸਾਧੂ ਸਿੰਘ ਅੱਚਰਵਾਲ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਅਤੇ  ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਭੂਰ ਸਿੰਘ, ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਆਪੂ ਬਣੇ ਥਾਣਾਮੁਖੀ ਨੇ ਜਾਤੀ ਮੰਦ ਭਾਵਨਾ ਤਹਿਤ ਮਾਂ-ਧੀ ਨੂੰ ਘਰੋਂ ਅਗਵਾ ਕਰਕੇ ਰਾਤ ਨੂੰ ਥਾਣੇ ਵਿਚ ਨਜਾਇਜ਼ ਹਿਰਾਸਤ ਚ ਰੱਖ ਕੇ ਅੱਤਿਆਚਾਰ ਕੀਤੇ ਸਨ ਅਤੇ ਕੁਲਵੰਤ ਕੌਰ ਨੂੰ ਬੁਰੀ ਤਰ੍ਹਾਂ ਕਰੰਟ ਲਗਾਇਆ ਗਿਆ ਸੀ ਜਿਸ ਕਾਰਨ ਕੁਲਵੰਤ ਕੌਰ ਅਪਾਹਜ ਹੋ ਗਈ ਸੀ ਅਤੇ ਰਿੜ-ਰਿੜ ਕੇ 10 ਦਸੰਬਰ 2021 ਨੂੰ ਰੱਬ ਨੂੰ ਪਿਆਰੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਬੀਬੀ ਮਨਪ੍ਰੀਤ ਕੌਰ ਧਾਲੀਵਾਲ ਨੂੰ ਪਰਿਵਾਰ ਸਮੇਤ ਅਗਵਾ ਕਰਕੇ ਨਾ ਸਿਰਫ ਤਸੀਹੇ ਦਿੱਤੇ ਸਗੋਂ ਝੂਠੀ ਕਹਾਣੀ ਬਣਾ ਕੇ ਅੱਤਿਆਚਾਰਾਂ ਨੂੰ ਲਕੋਣ ਲਈ ਸਾਜ਼ਿਸ਼ ਰਚ ਕੇ ਪੰਚ-ਸਰਪੰਚ ਨੂੰ ਫਰਜ਼ੀ ਗਵਾਹ ਬਣਾਕੇ ਝੂਠੇ ਕੇਸਾਂ ਵਿਚ ਫਸਾਇਆ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅੱਜ ਸਤਾਧਾਰੀ ਲੋਕ ਮਹਿਲਾਵਾਂ ਤਰੱਕੀ ਦੀ ਦਮਗਜ਼ੇ ਮਾਰਦੇ ਨਹੀਂ ਥੱਕ ਰਹੇ ਪਰ ਸਚਾਈ ਸਾਡੇ ਸਾਹਮਣੇ ਹੈ ਕਿ ਇਥੇ ਨਿਆਂ ਲੈਣ ਵਾਸਤੇ ਜ਼ਿੰਦਗੀ ਭਰ ਲੜਾਈ ਲੜ੍ਹਨੀ ਪੈਂਦੀ ਹੈ ਫਿਰ ਵੀ ਨਿਆਂ ਮਿਲਣ ਦੀ ਆਸ ਊਂਠ ਦਾ ਬੁੱਲ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੀ ਤ੍ਰਾਸਦੀ ਏ ਕਿ ਸੈਂਕੜੇ ਸਬੂਤਾਂ ਅਤੇ ਦਰਜਨਾਂ ਹੁਕਮਾਂ ਦੇ ਬਾਵਜੂਦ ਪੀੜਤ ਪਰਿਵਾਰ ਨਿਆਂ ਲਈ ਭਟਕ ਰਹੇ ਹਨ। ਕਾਬਲੇਗ਼ੌਰ ਹੈ ਕਿ ਪੁਲਿਸ ਦੇ ਇਸ ਅੱਤਿਆਚਾਰ ਸਬੰਧੀ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਵਲੋਂ ਜਿਥੇ ਮੁਕੱਦਮੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚਾਰਜਸ਼ੀਟ ਦਾਇਰ ਕਰਨ ਲਈ ਕਿਹਾ ਸੀ, ਉਥੇ ਪੀੜਤਾਂ ਨੂੰ ਪੀਓਏ ਰੂਲਜ਼ 2016 ਤਹਿਤ ਮੁਆਵਜ਼ਾ, ਪੈਨਸ਼ਨ ਅਤੇ ਹੋਰ ਸਹੂਲਤਾਂ ਦੇਣ ਲਈ ਕਿਹਾ ਸੀ ਪਰ ਅਧਿਕਾਰੀਆਂ ਵਲੋਂ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਇਸ ਸਮੇਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਦਿਹਾੜਾ ਥਾਣੇ ਮੂਹਰੇ ਮਨਾਉਣ ਦਾ ਫੈਸਲਾ ਵੀ ਕੀਤਾ ਗਿਆ ਇਸ ਸਮੇਂ ਚਮਕੌਰ ਸਿੰਘ, ਬਾਬਾ ਬੰਤਾ ਸਿੰਘ, ਅਜੈਬ ਸਿੰਘ, ਜਿੰਦਰ ਮਾਣੂੰਕੇ, ਸੁਰੈਣ ਸਿੰਘ, ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ, ਪੀੜਤ ਮਾਤਾ ਸੁਰਿੰਦਰ ਕੌਰ, ਕਮਲਜੀਤ ਕੌਰ, ਠੇਕੇਦਾਰ ਅਵਤਾਰ ਸਿੰਘ ਜਗਰਾਉਂ ਆਦਿ ਵੀ ਹਾਜ਼ਰ ਸਨ।